ਜਾਪਾਨ ਮਾਸਟਰਜ਼: ਸਾਤਵਿਕ-ਚਿਰਾਗ ਦੀ ਜੋੜੀ ਪਹਿਲੇ ਗੇੜ ’ਚ ਹਾਰੀ
ਕੁਮਾਮੋਤੋ (ਜਾਪਾਨ), 14 ਨਵੰਬਰ
ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਅੱਜ ਇੱਥੇ ਜਾਪਾਨ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਪਹਿਲੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਸਿਖਰਲਾ ਦਰਜਾ ਪ੍ਰਾਪਤ ਜੋੜੀ ਨੂੰ 63 ਮਿੰਟ ਤੱਕ ਚੱਲੇ ਮੈਚ ਵਿੱਚ ਚੀਨੀ ਤਾਇਪੇ ਦੀ ਲੂ ਚਿੰਗ ਯਾਓ ਅਤੇ ਯਾਂਗ ਪੋ ਹਾਨ ਦੀ ਜੋੜੀ ਨੇ 16-21, 21-18, 21-16 ਨਾਲ ਹਰਾਇਆ। ਪਿਛਲੇ ਸਾਲ ਫਰੈਂਚ ਓਪਨ ਦੇ ਫਾਈਨਲ ਵਿੱਚ ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਚੀਨੀ ਤਾਇਪੇ ਦੀ ਇਸ ਜੋੜੀ ਨੂੰ ਹਰਾਇਆ ਸੀ ਪਰ ਮੰਗਲਵਾਰ ਨੂੰ ਲੂ ਤੇ ਯਾਂਗ ਦੀ ਜੋੜੀ ਨੇ ਜ਼ਬਰਦਸਤ ਵਾਪਸੀ ਕਰਦਿਆਂ ਪਹਿਲੀ ਗੇਮ ਹਾਰਨ ਤੋਂ ਬਾਅਦ ਜਿੱਤ ਦਰਜ ਕੀਤੀ। ਭਾਰਤੀ ਜੋੜੀ ਨੇ ਪਹਿਲੀ ਗੇਮ ਵਿੱਚ 0-3 ਨਾਲ ਪੱਛੜਨ ਤੋਂ ਬਾਅਦ 11-7 ਦੀ ਲੀਡ ਬਣਾ ਲਈ ਸੀ। ਇਸ ਮਗਰੋਂ ਲੂ ਤੇ ਯਾਂਗ ਨੇ ਵਾਪਸੀ ਕਰਦਿਆਂ ਸਕੋਰ 13-13 ਨਾਲ ਬਰਾਬਰ ਕਰ ਲਿਆ ਪਰ ਸਾਤਵਿਕ ਅਤੇ ਚਿਰਾਗ ਨੇ ਲੀਡ ਬਣਾਈ ਰੱਖੀ ਅਤੇ ਲਗਾਤਾਰ ਚਾਰ ਅੰਕਾਂ ਨਾਲ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿੱਚ ਬ੍ਰੇਕ ਤੱਕ ਚੀਨੀ ਤਾਇਪੇ ਦੀ ਜੋੜੀ 11-9 ਦੀ ਲੀਡ ਬਣਾਉਣ ਵਿੱਚ ਕਾਮਯਾਬ ਰਹੀ ਪਰ ਸਾਤਵਿਕ ਤੇ ਚਿਰਾਗ ਨੇ ਸਕੋਰ 14-14 ਕਰ ਦਿੱਤਾ। ਬਾਅਦ ਵਿੱਚ ਲੂ ਤੇ ਯਾਂਗ ਨੇ ਇਹ ਗੇਮ ਜਿੱਤ ਲਈ। ਤੀਜੀ ਗੇਮ ਵਿੱਚ ਵੀ ਮੁਕਾਬਲਾ ਸਖ਼ਤ ਰਿਹਾ ਪਰ ਲੂ ਅਤੇ ਯਾਂਗ ਨੇ ਜਿੱਤ ਦਰਜ ਕਰ ਕੇ ਮੁਕਾਬਲਾ ਆਪਣੇ ਨਾਮ ਕੀਤਾ। -ਪੀਟੀਆਈ