ਜਾਪਾਨ: ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 55 ਹੋਈ
ਲੋਕਾਂ ਨੂੰ ਇਹਤਿਆਤ ਵਜੋਂ ਘਰਾਂ ਤੋਂ ਦੂਰ ਰਹਿਣ ਦੀ ਸਲਾਹ
ਵਾਜਿਮਾ, 2 ਜਨਵਰੀ
ਪੱਛਮੀ ਜਪਾਨ ’ਚ ਲੱਗੇ ਭੂਚਾਲ ਦੇ ਝਟਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 55 ਹੋ ਗਈ ਹੈ ਅਤੇ ਕਈ ਇਮਾਰਤਾਂ, ਵਾਹਨ ਅਤੇ ਕਿਸ਼ਤੀਆਂ ਨੁਕਸਾਨੀਆਂ ਗਈਆਂ ਹਨ। ਅਧਿਕਾਰੀਆਂ ਨੇ ਹੋਰ ਵੱਧ ਤੀਬਰਤਾ ਵਾਲੇ ਭੂਚਾਲ ਦੇ ਖ਼ਤਰੇ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਲਈ ਆਖਿਆ ਹੈ।
ਜਾਪਾਨ ਦੇ ਇਸ਼ੀਕਾਵਾ ਸੂਬੇ ਅਤੇ ਨੇੜਲੇ ਇਲਾਕਿਆਂ ’ਚ ਸੋਮਵਾਰ ਦੁਪਹਿਰ ਨੂੰ ਭੂਚਾਲ ਦੇ ਕਈ ਝਟਕੇ ਲੱਗੇ ਸਨ, ਜਿਨ੍ਹਾਂ ਵਿਚੋਂ ਇੱਕ ਝਟਕੇ ਦੀ ਸ਼ਿੱਦਤ 7.6 ਮਾਪੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ਼ੀਕਾਵਾ ’ਚ 55 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 16 ਹੋਰ ਗੰਭੀਰ ਜ਼ਖ਼ਮੀ ਹਨ, ਜਦਕਿ ਮਕਾਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਨੁਕਸਾਨ ਕਿੰਨਾ ਹੋਇਆ ਹੈ ਇਸ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਿਆ। ਜਾਪਾਨੀ ਮੀਡੀਆ ਦੀਆਂ ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਹਜ਼ਾਰਾਂ ਮਕਾਨ ਢਹਿ ਗਏ ਹਨ। ਸਰਕਾਰ ਦੇ ਤਰਜਮਾਨ ਯੋਸ਼ੀਮਾਸ ਹਯਾਸ਼ੀ ਨੇ ਕਿਹਾ ਕਿ 17 ਵਿਅਕਤੀ ਗੰਭੀਰ ਜ਼ਖਮੀ ਹਨ ਹਾਲਾਂਕਿ ਪ੍ਰੀਫੈਕਚਰ ਵੱਲੋਂ ਜਾਰੀ ਮ੍ਰਿਤਕਾਂ ਦੀ ਗਿਣਤੀ ਬਾਰੇ ਪਤਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਮ੍ਰਿਤਕਾਂ ਦੀ ਗਿਣਤੀ ਘੱਟ ਦੱਸੀ। ਕੁਝ ਇਲਾਕਿਆਂ ’ਚ ਪਾਣੀ, ਬਿਜਲੀ ਅਤੇ ਫੋਨ ਸੇਵਾਵਾਂ ਹਾਲੇ ਵੀ ਠੱਪ ਹਨ। ਸਥਾਨਕ ਵਾਸੀ ਤਬਾਹ ਹੋਏ ਘਰਾਂ ਅਤੇ ਆਪਣੇ ਭਵਿੱਖ ਬਾਰੇ ਬੇਯਕੀਨੀ ਨੂੰ ਲੈ ਕੇ ਫਿਕਰਮੰਦ ਹਨ।
ਇਸੇ ਦੌਰਾਨ ਪ੍ਰਧਾਨ ਫੂਮੀਓ ਕਿਸ਼ਿਦਾ ਨੇ ਅੱਜ ਕਿਹਾ ਕਿ ਰਾਹਤ ਕਾਰਜਾਂ ’ਚ ਤੇਜ਼ੀ ਲਿਆਉਣ ਲਈ 1000 ਹਜ਼ਾਰ ਸੈਨਿਕ ਭੂਚਾਲ ਪ੍ਰਭਾਵਿਤ ਇਲਾਕਿਆਂ ’ਚ ਭੇਜੇ ਗਏ ਹਨ। ਉਨ੍ਹਾਂ ਕਿਹਾ, ‘‘ਲੋਕਾਂ ਦੀ ਜਾਨ ਬਚਾਉਣਾ ਸਾਡੀ ਤਰਜੀਹ ਹੈ।’’ ਪ੍ਰਧਾਨ ਮੰਤਰੀ ਕਿਸ਼ਿਦਾ ਜਦੋਂ ਬੋਲ ਰਹੇ ਸਨ ਉਸ ਸਮੇਂ ਵੀ ਇਸ਼ੀਕਾਵਾ ’ਚ 5.6 ਤੀਬਰਤਾ ਦਾ ਭੂਚਾਲ ਆਇਆ। ਇਸੇ ਦੌਰਾਨ ਫਾਇਰ ਬ੍ਰਿਗੇਡ ਅਮਲੇ ਨੇ ਵਾਜਿਮਾ ਸ਼ਹਿਰ ’ਚ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ। ਦੂਜੇ ਪਾਸੇ ਪ੍ਰਮਾਣੂ ਰੈਗੂਲੇਟਰਾਂ ਨੇ ਕਿਹਾ ਕਿ ਇਲਾਕੇ ਵਿੱਚ ਪ੍ਰਮਾਣੂ ਪਲਾਂਟ ਆਮ ਵਾਂਗ ਕੰਮ ਕਰ ਰਹੇ ਹਨ। ਖ਼ਬਰਾਂ ਵਿੱਚ ਦਿਖਾਈਆਂ ਵੀਡੀਓਜ਼ ਵਿੱਚ ਇੱਕੋ ਕਤਾਰ ਵਿੱਚ ਕਾਫ਼ੀ ਸਾਰੇ ਮਕਾਨ ਢਹਿ ਢੇਰੀ ਹੋਏ ਦਿਖਾਈ ਦੇ ਰਹੇ ਹਨ। ਵਾਹਨ ਪਲਟੇ ਹੋਏ ਹਨ। ਕਿਸ਼ਤੀਆਂ ਅੱਧੀਆਂ ਡੁੱਬੀਆਂ ਹੋਈਆਂ ਹਨ ਤੇ ਸੁਨਾਮੀ ਕਾਰਨ ਸਮੁੰਦਰੀ ਤੱਟਾਂ ’ਤੇ ਚਿੱਕੜ ਦਿਖਾਈ ਦੇ ਰਿਹਾ ਹੈ। -ਏਪੀ