ਜਾਹਨਵੀ ਕਪੂਰ ਦੇ ਨ੍ਰਿਤ ਦੀ ਤੁਲਨਾ ਸ੍ਰੀਦੇਵੀ ਨਾਲ ਹੋਣ ਲੱਗੀ
ਮੁੰਬਈ: ਮਰਹੂਮ ਅਦਾਕਾਰਾ ਸ੍ਰੀਦੇਵੀ ਦੀ ਧੀ ਜਾਹਨਵੀ ਕਪੂਰ ਸ਼ਾਸ਼ਤਰੀ ਨ੍ਰਿਤ ਨੂੰ ਪਿਆਰ ਕਰਦੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਵੀਡੀਓ’ਜ਼ ਪਾਉਂਦੀ ਰਹਿੰੰਦੀ ਹੈ। ‘ਧੜਕ’ ਅਦਾਕਾਰਾ ਨੇ ਹੁਣ ਫੇਰ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝਾ ਕੀਤਾ ਹੈ। ਇਸ ਵਿੱਚ ਉਹ ਸਫੈਦ ਅਨਾਰਕਲੀ ਕੁੜਤੇ ਅਤੇ ਪਲਾਜੋ ਸੈਟ ਵਿੱਚ ਸ਼ਾਸ਼ਤਰੀ ਨ੍ਰਿਤ ਕਰਦੀ ਹੋਈ ਦਿਖਾਈ ਦਿੰਦੀ ਹੈ। ਇਹ ਵੀਡੀਓ ਉਸ ਦੇ ਘਰ ਵਿੱਚ ਹੀ ਬਣਾਇਆ ਪ੍ਰਤੀਤ ਹੁੰਦਾ ਹੈ। ਉਹ ਜਿਸ ਗੀਤ ’ਤੇ ਨ੍ਰਿਤ ਕਰ ਰਹੀ ਹੈ, ਉਹ ਆਈਕਾਨਿਕ ਟਰੈਕ ‘ਜੀਆ ਜਲੇ’ ਹੈ, ਜਿਸ ਨੂੰ ਲਤਾ ਮੰਗੇਸ਼ਕਰ ਅਤੇ ਐੱਮਜੀ ਸ੍ਰੀਕੁਮਾਰ ਨੇ ਗਾਇਆ ਹੈ। ਇਹ ਗੀਤ 1998 ਦੀ ਰੁਮਾਂਟਿਕ ਫ਼ਿਲਮ ‘ਦਿਲ ਸੇ’ ਦਾ ਹੈ। ਇਸ ਫ਼ਿਲਮ ਵਿੱਚ ਸ਼ਾਹਰੁਖ਼ ਖਾਨ, ਮਨੀਸ਼ਾ ਕੋਇਰਾਲਾ ਅਤੇ ਪ੍ਰੀਤੀ ਜਿੰਟਾ ਨੇ ਕੰਮ ਕੀਤਾ ਹੈ। ਜਾਹਨਵੀ ਨੇ ਆਪਣੇ ਵੀਡੀਓ ਵਿੱਚ ਉਨ੍ਹਾਂ ਸੱਟਾਂ ਬਾਰੇ ਜ਼ਿਕਰ ਕੀਤਾ ਹੈ, ਜੋ ਉਸ ਨੂੰ ਕਥਿਤ ਤੌਰ ’ਤੇ ਸ਼ੂਟਿੰਗ ਦੌਰਾਨ ਲੱਗੀਆਂ ਸਨ। ਉਸ ਦੀ ਆਉਣ ਵਾਲੀ ਫ਼ਿਲਮ ‘ਮਿਸਟਰ ਐਂਡ ਮਿਸੇਜ਼ ਮਾਹੀ’ ਹੈ। ਵੀਡੀਓ ਨੂੰ 5.4 ਮਿਲੀਅਨ ਵਾਰ ਦੇਖਿਆ ਗਿਆ ਹੈ। ਇੱਕ ਪ੍ਰਸ਼ੰਸਕ ਨੇ ਲਿਖਿਆ ਹੈ: ‘ਪ੍ਰੀਤੀ ਜਿੰਟਾ ਵਰਗਾ ਕੰਮ ਆਸਾਨ ਨਹੀਂ ਹੈ, ਪਰ ਤੁਸੀਂ ਚੰਗਾ ਕੀਤਾ ਹੈ।’ ਇੱਕ ਹੋਰ ਨੇ ਲਿਖਿਆ ਹੈ,‘ ਕਿੰਨਾ ਸੁੰਦਰ ਹੈ।’ ਇੱਕ ਹੋਰ ਦਰਸ਼ਕ ਨੇ ਲਿਖਿਆ ਹੈ, ‘ਖੂਬਸੂਰਤ ਡਾਂਸ ਅਤੇ ਮੂਵਜ਼.....ਅਜਿਹਾ ਲੱਗ ਰਿਹਾ ਹੈ ਜਿਵੇਂ ਸ੍ਰੀਦੇਵੀ ਮੈਮ ਡਾਂਸ ਕਰ ਰਹੀ ਹੈ।’ -ਆਈਏਐੱਨਐੱਸ