For the best experience, open
https://m.punjabitribuneonline.com
on your mobile browser.
Advertisement

ਜਾਨੇ ਕਹਾਂ ਗਏ ਵੋ ਦਿਨ...ਵਾਲਾ ਮੁਕੇਸ਼

08:34 AM Jul 20, 2024 IST
ਜਾਨੇ ਕਹਾਂ ਗਏ ਵੋ ਦਿਨ   ਵਾਲਾ ਮੁਕੇਸ਼
Advertisement

ਡਾ. ਗੁਰਤੇਜ ਸਿੰਘ

Advertisement

ਇੰਜੀਨੀਅਰ ਜ਼ੋਰਾ ਚੰਦ ਮਾਥੁਰ ਦੇ ਘਰ 22 ਜੁਲਾਈ 1923 ਨੂੰ ਇੱਕ ਲੜਕੇ ਨੇ ਜਨਮ ਲਿਆ ਜੋ ਉਨ੍ਹਾਂ ਦੇ ਦਸ ਬੱਚਿਆਂ ’ਚੋਂ ਛੇਵਾਂ ਬੱਚਾ ਸੀ। ਉਸ ਬੱਚੇ ਦਾ ਨਾਮ ਰੱਖਿਆ ਗਿਆ ਮੁਕੇਸ਼ ਚੰਦ ਮਾਥੁਰ। ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਲੜਕਾ ਸਦਾਬਹਾਰ ਅਭਿਨੇਤਾ ਰਾਜ ਕਪੂਰ ਦੀ ਆਵਾਜ਼ ਬਣ ਕੇ ਉੱਭਰੇਗਾ ਅਤੇ ਪਿੱਠਵਰਤੀ ਗਾਇਕ ਮੁਕੇਸ਼ ਦੇ ਨਾਮ ਨਾਲ ਦੁਨੀਆ ’ਚ ਪ੍ਰਸਿੱਧ ਹੋਵੇਗਾ। ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ। ਇੱਕ ਸੰਗੀਤ ਅਧਿਆਪਕ ਉਨ੍ਹਾਂ ਦੇ ਘਰ ਉਸ ਦੀ ਭੈਣ ਨੂੰ ਸੰਗੀਤ ਸਿਖਾਉਣ ਲਈ ਆਉਂਦਾ ਸੀ ਤਾਂ ਉਹ ਨਾਲ ਦੇ ਕਮਰੇ ’ਚ ਬੈਠ ਕੇ ਉਨ੍ਹਾਂ ਨੂੰ ਧਿਆਨ ਨਾਲ ਸੁਣਦਾ ਅਤੇ ਗਾਉਣ ਦੀ ਕੋਸ਼ਿਸ਼ ਕਰਦਾ। ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਸ ਨੇ ਪੜ੍ਹਾਈ ਛੱੱਡ ਦਿੱਤੀ ਤੇ ਨੌਕਰੀ ਕਰਨ ਲੱਗ ਪਿਆ ਸੀ। ਇਸ ਦੌਰਾਨ ਉਹ ਆਪਣੀ ਆਵਾਜ਼ ਰਿਕਾਰਡ ਕਰਨ ਦੇ ਤਜਰਬੇ ਕਰਦਾ ਰਹਿੰਦਾ ਸੀ। ਉਹ ਮਹਾਨ ਸੰਗੀਤਕਾਰ ਕੇ. ਐੱਲ. ਸਹਿਗਲ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਅਤੇ ਉਨ੍ਹਾਂ ਦੀ ਗਾਇਕੀ ਉਸ ਨੂੰ ਗਾਉਣ ਦੀ ਪ੍ਰੇਰਨਾ ਦਿੰਦੀ ਸੀ।
ਅਦਾਕਾਰ ਮੋਤੀ ਲਾਲ ਜੋ ਉਸ ਦੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਸੀ। ਉਸ ਨੇ ਮੁਕੇਸ਼ ਨੂੰ ਪਹਿਲੀ ਵਾਰ ਇੱਕ ਵਿਆਹ ਸਮਾਗਮ ਵਿੱਚ ਗਾਉਂਦੇ ਦੇਖਿਆ ਸੀ ਜਦੋਂ ਉਸ ਨੇ ਆਪਣੀ ਭੈਣ ਦੇ ਵਿਆਹ ਮੌਕੇ ਇੱਕ ਗੀਤ ਗਾਇਆ ਸੀ। ਅਭਿਨੇਤਾ ਮੋਤੀ ਲਾਲ ਮੁਕੇਸ਼ ਦੀ ਆਵਾਜ਼ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ ਮੁਕੇਸ਼ ਨੂੰ ਮੁੰਬਈ ਲੈ ਆਇਆ ਤੇ ਸੰਗੀਤ ਸਿੱਖਣ ਲਈ ਪੰਡਿਤ ਜਗਨਨਾਥ ਪ੍ਰਸਾਦ ਕੋਲ ਭੇਜਿਆ, ਜਿਸ ਤੋਂ ਉਸ ਨੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਮੁਕੇਸ਼ ਨੂੰ ਪਿੱਠਵਰਤੀ ਗਾਇਕੀ ਵਿੱਚ ਪਹਿਲਾ ਮੌਕਾ ਅਦਾਕਾਰ ਮੋਤੀ ਲਾਲ ਨੇ 1945 ਵਿੱਚ ਆਪਣੀ ਫਿਲਮ ‘ਪਹਿਲੀ ਨਜ਼ਰ’ ਵਿੱਚ ਦਿੱਤਾ। ਉਸ ਨੇ ਪਹਿਲਾ ਜੋ ਗੀਤ ਗਾਇਆ ਉਸ ਦੇ ਬੋਲ ਸਨ ‘ਦਿਲ ਜਲਤਾ ਹੈ ਤੋ ਜਲਨੇ ਦੇ।’ ਇਹ ਗੀਤ ਉਸ ਨੇ ਸੰਗੀਤਕਾਰ ਅਨਿਲ ਵਿਸ਼ਵਾਸ ਦੀ ਦੇਖ ਰੇਖ ’ਚ ਗਾਇਆ ਸੀ। ਇਸ ਗੀਤ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਕੇ. ਐੱਲ. ਸਹਿਗਲ ਨੇ ਜਦੋਂ ਇਹ ਗੀਤ ਸੁਣਿਆ ਤਾਂ ਉਹ ਕਾਫ਼ੀ ਪ੍ਰਭਾਵਿਤ ਹੋਇਆ। ਇਸੇ ਦੌਰਾਨ ਪ੍ਰਸਿੱਧ ਸੰਗੀਤਕਾਰ ਨੌਸ਼ਾਦ ਅਲੀ ਨੇ ਉਸ ਦੇ ਹੁਨਰ ਨੂੰ ਭਾਂਪ ਲਿਆ ਸੀ। ਨੌਸ਼ਾਦ ਅਲੀ ਨਾਲ ਮਿਲ ਕੇ ਉਸ ਨੇ ‘ਅੰਦਾਜ਼’ ਫਿਲਮ ਦੇ ਗੀਤ ਗਾਏ ਜੋ ਅਦਾਕਾਰ ਦਲੀਪ ਕੁਮਾਰ ’ਤੇ ਫਿਲਮਾਏ ਗਏ ਸਨ। ਹੋਰਾਂ ਨਾਲੋਂ ਜ਼ਿਆਦਾ ਉਸ ਦੀ ਆਵਾਜ਼ ਅਦਾਕਾਰ ਰਾਜ ਕਪੂਰ ਲਈ ਪੂਰੀ ਤਰ੍ਹਾਂ ਢੁੱਕਵੀਂ ਸੀ ਜੋ ਬਾਅਦ ’ਚ ਉਸ ਦੀ ਆਵਾਜ਼ ਬਣ ਗਈ। ਮੁਕੇਸ਼ ਰਾਜ ਕਪੂਰ ਦੀ ਪਹਿਲੀ ਪਸੰਦ ਬਣ ਗਿਆ ਸੀ ਅਤੇ ਉਸ ਦੀ ਹਰ ਫਿਲਮ ’ਚ ਉਸ ਤੋਂ ਗੀਤ ਗਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ।
ਮੁਕੇਸ਼ ਦੀ ਆਵਾਜ਼ ਇੰਨੀ ਦਮਦਾਰ ਸੀ ਕਿ ਕੋਈ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਉਸ ਦੁਆਰਾ ਗਾਏ ਯਾਦਗਾਰੀ ਗੀਤਾਂ ਦੀ ਸੂਚੀ ਬੜੀ ਲੰਮੀ ਹੈ। ‘ਪੱਥਰ ਕੇ ਸਨਮ’, ‘ਕਹੀਂ ਦੂਰ ਜਬ ਦਿਨ ਢਲ ਜਾਏ’, ‘ਜਾਨੇ ਕਹਾਂ ਗਏ ਵੋ ਦਿਨ’, ‘ਤੌਬਾ ਯੇ ਮਤਵਾਲੀ ਚਾਲ’, ‘ਚਾਂਦ ਸੀ ਮਹਿਬੂਬਾ ਹੋ ਮੇਰੀ’ ਆਦਿ ਗੀਤ ਮੁਕੇਸ਼ ਦੀ ਆਵਾਜ਼ ਨਾਲ ਅਮਰ ਹੋ ਗਏ। ਉਸ ਨੇ ਲਗਭਗ 1300 ਗੀਤਾਂ ਨੂੰ ਆਪਣੀ ਮਨਮੋਹਕ ਆਵਾਜ਼ ਨਾਲ ਨਿਵਾਜ ਕੇ ਸਦਾ ਲਈ ਅਮਰ ਕੀਤਾ ਹੈ। ਉਸ ਦੇ ਸਮਕਾਲੀ ਗਾਇਕਾਂ ਦੇ ਮੁਕਾਬਲੇ ਇਹ ਗਿਣਤੀ ਭਾਵੇਂ ਥੋੜ੍ਹੀ ਪ੍ਰਤੀਤ ਹੁੰਦੀ ਹੈ ਪਰ ਉਹ ਗਿਣਤੀ ਨਾਲੋਂ ਗੁਣਵੱਤਾ ਨੂੰ ਹਮੇਸ਼ਾ ਪਹਿਲ ਦਿੰਦਾ ਰਿਹਾ। ਸੱਤਰ ਦੇ ਦਹਾਕੇ ਦੌਰਾਨ ਉਸ ਨੇ ਸਭ ਤੋਂ ਘੱਟ ਗੀਤ ਗਾਏ ਜਿਸ ਦਾ ਮੁੱਖ ਕਾਰਨ ਸੀ ਉਸ ਦੀ ਵਿਗੜਦੀ ਸਿਹਤ ਅਤੇ ਪਿੱਠਵਰਤੀ ਗਾਇਕ ਕਿਸ਼ੋਰ ਕੁਮਾਰ ਦੀ ਗਾਇਕੀ ਦਾ ਆਗਾਜ਼।
ਉਸ ਦੀ ਬਾਕਮਾਲ ਗਾਇਕੀ ਕਾਰਨ ਉਸ ਨੂੰ ਬਹੁਤ ਮਾਣ ਸਨਮਾਨ ਮਿਲੇ। ਬੰਗਾਲ ਫਿਲਮ ਜਰਨਲਿਸਟ ਐਸੋਸੀਏਸ਼ਨ ਦੁਆਰਾ ਉਸ ਨੂੰ ਤਿੰਨ ਵਾਰ ਉੱਤਮ ਪਿੱਠਵਰਤੀ ਗਾਇਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। 1974 ਵਿੱਚ ਉਸ ਨੂੰ ਉੱਤਮ ਪਿੱਠਵਰਤੀ (ਮਰਦ) ਗਾਇਕ ਕੌਮੀ ਫਿਲਮ ਸਨਮਾਨ ਨਾਲ ਨਿਵਾਜਿਆ ਗਿਆ ਸੀ। ਇਹ ਸਨਮਾਨ ਉਸ ਨੂੰ ਫਿਲਮ ‘ਰਜਨੀਗੰਧਾ’ ਦੇ ਗੀਤ ‘ਕਈ ਵਾਰ ਯੂੰਹੀ ਦੇਖਾ’ ਲਈ ਦਿੱਤਾ ਗਿਆ ਸੀ। ਇਸ ਤੋਂ ਬਿਨਾਂ ਉਸ ਨੂੰ ਫਿਲਮਫੇਅਰ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਉਸ ਦਾ 27 ਅਗਸਤ 1976 ਨੂੰ ਅਮਰੀਕਾ ਦੇ ਸ਼ਹਿਰ ਮਿਸ਼ੀਗਨ ਵਿੱਚ ਸੰਗੀਤਕ ਪ੍ਰੋਗਰਾਮ ਸੀ। ਲਤਾ ਮੰਗੇਸ਼ਕਰ ਵੀ ਉਸ ਦੇ ਨਾਲ ਸੀ। ਸਵੇਰੇ ਉਹ ਜਲਦੀ ਉੱਠਿਆ ਅਤੇ ਸ਼ੋਅ ਲਈ ਤਿਆਰ ਹੋਇਆ ਪਰ ਉਸ ਨੂੰ ਇਹ ਗੱਲ ਯਾਦ ਚੇਤੇ ਵੀ ਨਹੀਂ ਸੀ ਕਿ ਅੱਜ ਉਹ ਆਪਣੇ ਸਰੋਤਿਆਂ ਦੇ ਰੂਬਰੂ ਨਹੀਂ ਹੋ ਸਕੇਗਾ ਬਲਕਿ ਸਦਾ ਲਈ ਉਨ੍ਹਾਂ ਤੋਂ ਦੂਰ ਚਲੇ ਜਾਵੇਗਾ। ਸ਼ੋਅ ਲਈ ਜਾਂਦੇ ਸਮੇਂ ਉਸ ਨੂੰ ਛਾਤੀ ’ਚ ਦਰਦ ਹੋਇਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕਿਆ ਸੀ। ਜਦੋਂ ਇਹ ਮੰਦਭਾਗੀ ਖ਼ਬਰ ਅਭਿਨੇਤਾ ਰਾਜ ਕਪੂਰ ਨੇ ਸੁਣੀ ਤਾਂ ਉਹ ਆਪ ਮੁਹਾਰੇ ਹੀ ਬੋਲ ਉੱਠਿਆ ‘ਅੱਜ ਮੈਂ ਆਪਣੀ ਆਵਾਜ਼ ਗੁਆ ਦਿੱਤੀ ਹੈ।’ ਚਾਹੇ ਮੁਕੇਸ਼ ਨੂੰ ਸਾਡੇ ਤੋਂ ਵਿੱਛੜੇ ਕਈ ਦਹਾਕੇ ਹੋਣ ਵਾਲੇ ਹਨ ਪਰ ਉਸ ਦੀ ਦਮਦਾਰ ਆਵਾਜ਼ ਅੱੱਜ ਵੀ ਲੋਕਾਂ ਦੇ ਦਿਲ ’ਤੇ ਰਾਜ ਕਰਦੀ ਹੈ ਅਤੇ ਪਿੱਠਵਰਤੀ ਗਾਇਕੀ ਦੇ ਖੇਤਰ ’ਚ ਉਸ ਦਾ ਨਾਮ ਸਦਾ ਚਮਕਦਾ ਰਹੇਗਾ।
ਸੰਪਰਕ: 95173-96001

Advertisement
Author Image

joginder kumar

View all posts

Advertisement
Advertisement
×