ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 18 ਅਪਰੈਲ
ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਬਚਿੱਤਰ ਸਿੰਘ ਨੇ ਦੱਸਿਆ ਉਸ ਦਾ ਵੱਡਾ ਭਰਾ ਸੁਖਦੇਵ ਸਿੰਘ ਉਰਫ ਲਾਡੀ (47) ਖੇਤੀਬਾੜੀ ਸੀ। ਉਸ ਦੀ ਭਰਜਾਈ ਰਣਜੀਤ ਕੌਰ ਨੇ ਦੱਸਿਆ ਕਿ ਸੁਖਦੇਵ ਸਿੰਘ ਦੇ ਮੋਬਾਈਲ ਉੱਪਰ ਤੜਕੇ ਕਰੀਬ 3.30 ਵਜੇ ਕਿਸੇ ਮਨੀ ਨਾਂ ਦੇ ਵਿਅਕਤੀ ਦਾ ਫੋਨ ਆ ਰਿਹਾ ਸੀ, ਜਿਸ ਕਾਰਨ ਸੁਖਦੇਵ ਸਿੰਘ ਤੜਕੇ 3.30 ਵਜੇ ਉੱਠਿਆ ਅਤੇ ਹੁਣ ਤੱਕ ਉਹ ਵਾਪਸ ਨਹੀਂ ਆਇਆ। ਇਸ ਲਈ ਉਹ ਆਪਣੇ ਭਰਾ ਨੂੰ ਲੱਭਣ ਲਈ ਆਪਣੇ ਖੇਤਾਂ ਵਿੱਚ ਗਿਆ। ਖੇਤਾਂ ਵਿੱਚ ਪਹੁੰਚ ਕੇ ਸੁਖਦੇਵ ਸਿੰਘ ਦੀ ਲਾਸ਼ ਮੋਟਰ ਨੇੜੇ ਮੱਕੀ ਦੇ ਖੇਤ ਵਿੱਚ ਖੂਨ ਨਾਲ ਲੱਥ ਪੱਥ ਪਈ ਦੇਖੀ। ਉਸ ਦੇ ਸਿਰ, ਮੂੰਹ ਅਤੇ ਗਲੇ 'ਤੇ ਤੇਜ਼ ਹਥਿਆਰਾਂ ਨਾਲ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਖੱਬੇ ਹੱਥ ਅਤੇ ਖੱਬੇ ਹੱਥ ਦੀਆਂ ਉਂਗਲਾਂ 'ਤੇ ਤੇਜ਼ਧਾਰ ਹਥਿਆਰਾਂ ਦੇ 2 ਨਿਸ਼ਾਨ ਸਨ। ਡੀਐੱਸਪੀ ਜੰਡਿਆਲਾ ਗੁਰੂ ਅਰਵਿੰਦਰ ਸਿੰਘ ਨੇ ਦੱਸਿਆ ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।