ਕੈਬਨਿਟ ਮੰਤਰੀ ਦੇ ਭਰੋਸੇ ਤੋਂ ਬਾਅਦ ਸੋਮਵਾਰ ਤੋਂ ਹੋਣ ਵਾਲਾ ਜੰਡਿਆਲਾ ਬੰਦ ਟਲਿਆ
04:18 PM Jun 08, 2025 IST
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 8 ਜੂਨ
Advertisement
ਸਥਾਨਕ ਵਪਾਰੀ ਵਰਗ ਅਤੇ ਹੋਰ ਲੋਕਾਂ ਨੂੰ ਮਿਲ ਰਹੀਆਂ ਫਿਰੌਤੀ ਦੀਆਂ ਧਮਕੀਆਂ ਅਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਤੋਂ ਬਾਅਦ ਘਬਰਾਏ ਲੋਕਾਂ ਵੱਲੋਂ ਜੰਡਿਆਲਾ ਗੁਰੂ ਦੇ ਅਣਮਿੱਥੇ ਸਮੇਂ ਲਈ ਬੰਦ ਕਰਨ ਦੀ ਦਿੱਤੀ ਕਾਲ ਤੋਂ ਬਾਅਦ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਵਪਾਰੀ ਵਰਗ ਅਤੇ ਸਥਾਨਕ ਲੋਕਾਂ ਨਾਲ ਸਥਾਨਕ ਜਗਦੀਸ਼ ਸਦਨ ਹਾਲ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਅਤੇ ਡੀਐੱਸਪੀ ਜੰਡਿਆਲਾ ਗੁਰੂ ਵੀ ਸ਼ਾਮਲ ਹੋਏ। ਇਸ ਮੌਕੇ ਫਿਰੌਤੀ ਦੀਆਂ ਕਾਲਾਂ ਤੋਂ ਪ੍ਰੇਸ਼ਾਨ ਵਪਾਰੀਆਂ ਨੇ ਕੈਬਨਟ ਮੰਤਰੀ ਅਤੇ ਐੱਸਐੱਸਪੀ ਨੂੰ ਆਪਣਾ ਦੁੱਖ ਦੱਸਿਆ। ਮੁਸ਼ਕਲਾਂ ਸੁਣਨ ਮਗਰੋਂ ਈਟੀਓ ਦੀ ਹਦਾਇਤ 'ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲੀਸ ਪ੍ਰਸ਼ਾਸਨ ਵੱਲੋਂ ਜੰਡਿਆਲਾ ਗੁਰੂ ਵਿੱਚ ਪੁਲੀਸ ਦੀ ਨਫਰੀ ਵਧਾਈ ਗਈ ਅਤੇ ਜੰਡਿਆਲਾ ਗੁਰੂ ਵਿੱਚ ਆਉਣ ਅਤੇ ਜਾਣ ਵਾਲੇ ਸਾਰੇ ਰਸਤਿਆਂ ਉੱਪਰ ਨਾਕੇਬੰਦੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ।
ਵਪਾਰੀ ਵਰਗ ਨੇ ਕੈਬਨਿਟ ਮੰਤਰੀ ਅਤੇ ਐੱਸਐੱਸਪੀ ਨਾਲ ਮੀਟਿੰਗ ਤੋਂ ਬਾਅਦ ਜੰਡਿਆਲਾ ਗੁਰੂ ਬੰਦ ਕਰਨ ਦਾ ਫੈਸਲਾ 10 ਦਿਨ ਅੱਗੇ ਪਾ ਦਿੱਤਾ ਹੈ। ਵਪਾਰੀਆਂ ਨੇ ਕਿਹਾ ਕਿ ਜੇਕਰ 10 ਦਿਨ ਵਿੱਚ ਸਭ ਕੁਝ ਠੀਕ ਰਿਹਾ ਤਾਂ ਸ਼ਹਿਰ ਬੰਦ ਨਹੀਂ ਹੋਵੇਗਾ ਅਗਰ ਕੋਈ ਕਾਰਵਾਈ ਨਹੀਂ ਹੋਈ ਤਾਂ 10 ਦਿਨ ਬਾਅਦ ਸ਼ਹਿਰ ਪੂਰਨ ਰੂਪ ਵਿੱਚ ਬੰਦ ਕਰ ਦਿੱਤਾ ਜਾਵੇਗਾ।
ਹਰਭਜਨ ਸਿੰਘ ਈਟੀਓ ਨੇ ਕਿਹਾ ਜੰਡਿਆਲਾ ਗੁਰੂ ਥਾਣੇ ਦੇ ਅਧੀਨ ਜ਼ਿਆਦਾ ਇਲਾਕਾ ਆਉਣ ਕਾਰਨ ਜੰਡਿਆਲਾ ਗਰੂ ਥਾਣੇ ਉੱਪਰ ਬਹੁਤ ਜ਼ਿਆਦਾ ਬੋਝ ਹੈ ਅਤੇ ਇਸ ਬੋਝ ਨੂੰ ਘੱਟ ਕਰਨ ਲਈ ਉਨ੍ਹਾ ਨੇ ਜੰਡਿਆਲਾ ਗੁਰੂ ਥਾਣੇ ਅਧੀਨ ਇੱਕ ਹੋਰ ਥਾਣਾ ਬਣਾਉਣ ਦਾ ਐਲਾਨ ਕੀਤਾ। ਮੰਤਰੀ ਨੇ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਜੋ ਫਾਇਰਿੰਗ ਦੀਆਂ ਘਟਨਾਵਾਂ ਹੋਈਆਂ ਹਨ ਉਨ੍ਹਾਂ ਵਿੱਚੋਂ ਬਹੁਤ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਬਾਕੀ ਵੀ ਜਲਦੀ ਹੀ ਪੁਲੀਸ ਹਿਰਾਸਤ ਵਿੱਚ ਹੋਣਗੇ। ਉਨ੍ਹਾਂ ਜੰਡਿਆਲਾ ਗੁਰੂ ਵਾਸੀਆਂ ਕੋਲੋਂ ਵੀ ਪੂਰਨ ਸਹਿਯੋਗ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਕਿਸੇ ਨੂੰ ਵੀ ਇਨ੍ਹਾਂ ਧਮਕੀਆਂ ਤੋਂ ਡਰ ਕੇ ਇਨ੍ਹਾਂ ਲੋਕਾਂ ਨੂੰ ਫਿਰੌਤੀ ਦੇਣ ਦੀ ਲੋੜ ਨਹੀਂ ਹੈ, ਸਗੋਂ ਪੁਲੀਸ ਕੋਲ ਆ ਕੇ ਜਾਣਕਾਰੀ ਦਿੱਤੀ ਜਾਵੇ। ਮੰਤਰੀ ਨੇ ਕਿਹਾ ਸਿਰਫ ਜੰਡਿਆਲਾ ਗੁਰੂ ਦੀ ਸੁਰੱਖਿਆ ਵਾਸਤੇ 20 ਨਵੇਂ ਹੋਰ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਕੋਈ ਬਿਨਾਂ ਨੰਬਰ ਤੋਂ ਮੋਟਰਸਾਈਕਲ ਜਾਂ ਹੋਰ ਕੋਈ ਸਾਧਨ ਚਲਾਉਂਦਾ ਪਾਇਆ ਗਿਆ ਤਾਂ ਉਸ 'ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Advertisement