ਸਕੂਲਾਂ ’ਚ ਜਨਮ ਅਸ਼ਟਮੀ ਉਤਸ਼ਾਹ ਨਾਲ ਮਨਾਈ
ਪੱਤਰ ਪ੍ਰੇਰਕ
ਖਰੜ, 24 ਅਗਸਤ
ਡਾਇਮੰਡ ਪਬਲਿਕ ਸਕੂਲ ਨੇ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ। ਇਸ ਸਮਾਗਮ ਵਿਚ ਛੋਟੇ ਬੱਚਿਆਂ ਨੇ ਕ੍ਰਿਸ਼ਨ ਅਤੇ ਰਾਧਾ ਦੇ ਰੂਪ ਵਿਚ ਪਹਿਰਾਵਾ ਪਹਿਨਿਆ ਹੋਇਆ ਸੀ। ਇਸ ਮੌਕੇ ਪ੍ਰਿੰਸੀਪਲ, ਡਾਇਰੈਕਟਰ ਅਤੇ ਸਾਰੇ ਸਟਾਫ ਮੈਂਬਰਾਂ ਨੇ ਹਾਜ਼ਰੀ ਭਰੀ ਅਤੇ ਜੋਸ਼ੀਲੇ ਜਸ਼ਨ ਦਾ ਆਨੰਦ ਲਿਆ ਜਿਸ ਨਾਲ ਇਸ ਦਿਨ ਨੂੰ ਹਰ ਕਿਸੇ ਲਈ ਯਾਦਗਾਰੀ ਬਣਾ ਦਿੱਤਾ ਗਿਆ।
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੋਂ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਭਵਨ ਵਿਦਿਆਲਿਆ ਸਕੂਲਾਂ ਵਿਚ ਵਿਦਿਆਰਥੀਆਂ ਨੇ ਕ੍ਰਿਸ਼ਨ ਤੇ ਰਾਧਾ ਦੇ ਰੂਪ ਵਿਚ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ ਕਰਸਾਨ ਤੇ ਮਲੋਆ ਦੇ ਸਰਕਾਰੀ ਸਕੂਲਾਂ ਤੋਂ ਇਲਾਵਾ ਹੋਰ ਸਕੂਲਾਂ ਵਿਚ ਵੀ ਸਮਾਗਮ ਹੋਏ।
ਐਸਏਐਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਇੱਥੋਂ ਦੇ ਸ਼ਾਸਤਰੀ ਮਾਡਲ ਸਕੂਲ ਵਿੱਚ ਅੱਜ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਗਈ। ਸਕੂਲ ਦੀ ਅਧਿਆਪਕ ਸੀਮਾ ਸ਼ਰਮਾ ਤੇ ਦੀਪਿਕਾ ਨੇ ਸਟੇਜ ਦੀ ਸਜਾਵਟ ਅਤੇ ਰੰਗਮੰਚ ਨੂੰ ਸੰਭਾਲਿਆ। ਪ੍ਰਿੰਸੀਪਲ ਆਰ ਬਾਲਾ ਨੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਸ੍ਰੀ ਕ੍ਰਿਸ਼ਨ ਦੇ ਜੀਵਨ ਤੋਂ ਚੰਗੇ ਕਰਮ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਗੋਲਡਨ ਬੈੱਲਜ਼ ਪਬਲਿਕ ਸਕੂਲ ਸੈਕਟਰ-77 ਵਿਚ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਚੇਅਰਮੈਨ ਕਰਨਲ (ਸੇਵਾਮੁਕਤ) ਸੀਐਸ ਬਾਵਾ ਵੱਲੋਂ ਬੱਚਿਆਂ ਵੱਲੋਂ ਪੇਸ਼ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ।
ਜਨਮ ਅਸ਼ਟਮੀ ਮੌਕੇ ਰੱਥ ਯਾਤਰਾ ਕੱਢੀ
ਕੁਰਾਲੀ (ਪੱਤਰ ਪ੍ਰੇਰਕ): ਜਨਮ ਅਸ਼ਟਮੀ ਨੂੰ ਮੁੱਖ ਰੱਖ ਕੇ ਕੇ ਸ਼ਹਿਰ ਵਿੱਚ ਰੱਥ ਯਾਤਰਾ ਕੱਢੀ ਗਈ। ਸਥਾਨਕ ਸ੍ਰੀ ਨਗਰ ਖੇੜਾ ਸੰਕੀਰਤਨ ਸਭਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਕੱਢੀ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ ਅਤੇ ਸੁੰਦਰ ਝਾਕੀਆਂ ਬਣਾਈਆਂ ਗਈਆਂ। ਸ਼ਹਿਰ ਦੇ ਨਗਰ ਖੇੜਾ ਮੰਦਰ ਤੋਂ ਸ਼ੁਰੂ ਹੋਈ ਇਸ ਸ਼ੋਭਾ ਯਾਤਰਾ ਵਿੱਚ ਕੌਂਸਲਰ ਬਹਾਦਰ ਸਿੰਘ ਓਕੇ, ਗਊ ਸੇਵਾ ਕਮਿਸ਼ਨ ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਕਮਲਜੀਤ ਚਾਵਲਾ, ਕੌਂਸਲਰ ਨੰਦੀਪਾਲ ਬਾਂਸਲ, ਕੌਂਸਲਰ ਭਾਰਤ ਭੂਸ਼ਨ, ਸਮਾਜ ਸੇਵੀ ਡਾ.ਅਸ਼ਵਨੀ ਕੁਮਾਰ, ਕੌਂਸਲਰ ਖੁਸ਼ਵੀਰ ਸਿੰਘ ਹੈਪੀ, ਸਾਬਕਾ ਕੌਂਸਲਰ ਪ੍ਰਦੀਪ ਰੂੜਾ ਨੇ ਸ਼ਿਰਕਤ ਕੀਤੀ ਅਤੇ ਭਗਵਾਨ ਦਾ ਰੱਥ ਖਿੱਚਿਆ।