ਸ਼ਹਿਰ ਤੇ ਪਿੰਡਾਂ ’ਚ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 7 ਸਤੰਬਰ
ਮੁਹਾਲੀ ਸ਼ਹਿਰ ਅਤੇ ਆਸਪਾਸ ਪਿੰਡਾਂ ਵਿੱਚ ਅੱਜ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਵੱਖ-ਵੱਖ ਮੰਦਰਾਂ ਵਿੱਚ ਧਾਰਮਿਕ ਸਮਾਗਮ ਹੋਏ। ਮੰਦਰ ਕਮੇਟੀਆਂ ਅਤੇ ਸ਼ਰਧਾਲੂਆਂ ਵੱਲੋਂ ਥਾਂ-ਥਾਂ ਲੰਗਰ ਲਗਾਏ ਗਏ। ਇਸ ਦੌਰਾਨ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਆਪਣੇ ਸਮਰਥਕਾਂ ਸਮੇਤ ਵੱਖ-ਵੱਖ ਮੰਦਰਾਂ ਵਿੱਚ ਨਤਮਸਤਕ ਹੋਏ। ਇੱਥੋਂ ਦੇ ਸਨਾਤਨ ਧਰਮ ਮੰਦਰ ਅਤੇ ਵੈੱਲਫੇਅਰ ਸੁਸਾਇਟੀ ਵੇਵ ਅਸਟੇਟ ਸੈਕਟਰ-85, ਸੈਕਟਰ-99, ਗਊਸ਼ਾਲਾ ਸੈਕਟਰ-70, ਹਨੂਮਾਨ ਮੰਦਰ ਫੇਜ਼-3ਬੀ2, ਬਾਬਾ ਬਾਲ ਭਾਰਤੀ ਮੰਦਰ ਮਟੌਰ, ਸ੍ਰੀ ਸੱਤਿਆ ਨਾਰਾਇਣ ਮੰਦਰ ਮਟੌਰ, ਸ੍ਰੀ ਠਾਕੁਰ ਦੁਆਰਾ ਮੰਦਰ ਸੋਹਾਣਾ ਅਤੇ ਸ੍ਰੀ ਪ੍ਰਾਚੀਨ ਦੁਰਗਾ ਮੰਦਰ ਫੇਜ਼-6 ਅਤੇ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਵੱਲੋਂ ਸੁਖ-ਸ਼ਾਂਤੀ ਭਵਨ ਫੇਜ਼-7 ਵਿੱਚ ਵੀ ਜਨਮ ਅਸ਼ਟਮੀ ਮਨਾਈ ਗਈ। ਇਸੇ ਦੌਰਾਨ ਇੱਥੋਂ ਦੇ ਪ੍ਰਾਚੀਨ ਸ਼ਿਵ ਮੰਦਰ ਫੇਜ਼-1 ਵਿੱਚ ਜਨਮ ਅਸ਼ਟਮੀ ਮੌਕੇ ਈਸੀਜੀ ਜਾਂਚ, ਡੈਂਟਲ ਵਿੰਗ, ਮੈਡੀਸਨ, ਸਰਜਰੀ, ਗਾਇਨੀ, ਫਿਜੀਓਥਰੈਪੀ ਅਤੇ ਮੈਡੀਕਲ ਲੈਬਾਰਟਰੀ ਸਮੇਤ ਹੋਮਿਓਪੈਥਿਕ ਕਲੀਨਿਕ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਸਵਾਮੀ ਵਿਗਿਆਨ ਨੰਦ ਸਰਸਵਤੀ ਨੇ ਕੀਤਾ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਕ੍ਰਿਸ਼ਨ ਜਨਮ-ਅਸ਼ਟਮੀ ਨੂੰ ਧੂਮਧਾਮ ਨਾਲ ਮਨਾਇਆ ਗਿਆ। ਸੈਕਟਰ-2 ਦੇ ਰਾਮ ਮੰਦਰ ਵਿੱਚ ਝਾਕੀਆਂ ਕੱਢੀਆਂ ਗਈਆਂ। ਸੈਕਟਰ-11 ਦੇ ਗੀਤਾ ਮੰਦਰ ਨੂੰ ਰੰਗ ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ। ਸੈਕਟਰ-20 ਦੇ ਕਾਲੀ ਮਾਤਾ ਮੰਦਰ ਤੇ ਸੈਕਟਰ-21 ਦੇ ਸ਼ਿਵ ਮੰਦਰ ਤੋਂ ਇਲਾਵਾ ਰਾਮਗੜ੍ਹ, ਬਰਵਾਲਾ, ਰਾਏਪੁਰਰਾਣੀ, ਪਿੰਜੌਰ ਤੇ ਕਾਲਕਾ ’ਚ ਵੀ ਸਮਾਗਮ ਹੋਏ।
ਘਨੌਲੀ (ਪੱਤਰ ਪ੍ਰੇਰਕ): ਇੱਥੇ ਲਾਰਡ ਕ੍ਰਿਸ਼ਨਾ ਪਬਲਿਕ ਸਕੂਲ ਘਨੌਲੀ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਡਾਇਰੈਕਟਰ ਐਡਵੋਕੇਟ ਰਾਜੀਵ ਸ਼ਰਮਾ ਤੇ ਪ੍ਰਿੰਸੀਪਲ ਕਵਿਤਾ ਸ਼ਰਮਾ ਦੀ ਦੇਖ ਰੇਖ ਅਧੀਨ ਕਰਵਾਏ ਸਮਾਗਮ ਦੌਰਾਨ ਬੱਚਿਆਂ ਵੱਲੋਂ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਵਿਧਾਇਕ ਰੰਧਾਵਾ ਵੱਲੋਂ ਮੰਦਰ ਨਿਰਮਾਣ ਲਈ ਇੱਕ ਲੱਖ ਰੁਪਏ ਭੇਟ
ਲਾਲੜੂ (ਪੱਤਰ ਪ੍ਰੇਰਕ): ਸਰਕਲ ਹੰਡੇਸਰਾ ਦੇ ਪਿੰਡ ਖੇਲਣ ਵਿੱਚ ਜਨਮ ਅਸ਼ਟਮੀ ਮੌਕੇ ਠਾਕੁਰ ਦੁਆਰੇ ਨਰਸਿੰਘ ਮੰਦਰ ਵਿਖੇ ਰਾਧਾ-ਕ੍ਰਿਸ਼ਨ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਪਹੁੰਚੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੰਦਰ ਪ੍ਰਬੰਧਕ ਕਮੇਟੀ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਸਰਪੰਚ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਤੇ ‘ਆਪ’ ਵਾਲੰਟੀਅਰ ਹਾਜ਼ਰ ਸਨ। ਇਸੇ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਥਾਨਕ ਦੁਰਗਾ ਦੇਵੀ ਮੰਦਰ ’ਚ ਵੀ ਮੱਥਾ ਟੇਕਿਆ ਦੇ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਮੰਦਰ ਦੇ ਪ੍ਰਬੰਧਕਾਂ ਨੇ ਸ਼੍ਰੀ ਰੰਧਾਵਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸੇ ਦੌਰਾਨ ਸਮਤਾ ਪਬਲਿਕ ਸਕੂਲ ਲਾਲੜੂ ਮੰਡੀ ਵਿੱਚ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਰਵੀਨਾ ਰਾਣਾ ਅਤੇ ਵਾਈਸ ਪ੍ਰਿੰਸੀਪਲ ਬੀਨੂ ਸ਼ਰਮਾ ਨੇ ਜਨਮ ਅਸ਼ਟਮੀ ਦੀ ਵਧਾਈ ਦਿੱਤੀ।