ਜਨ ਸੰਵਾਦ: ਮੁੱਖ ਮੰਤਰੀ ਕੋਲ ਸ਼ਿਕਾਇਤਾਂ ਦੀ ਝੜੀ
ਪ੍ਰਭੂ ਦਿਆਲ
ਸਿਰਸਾ, 17 ਸਤੰਬਰ
ਇੱਥੇ ਹੋਏ ਮੁੱਖ ਮੰਤਰੀ ਦੇ ਜਨ ਸੰਵਾਦ ਪ੍ਰੋਗਰਾਮ ਦੌਰਾਨ ਵਿਕਾਸ ਕਾਰਜਾਂ ਸਬੰਧੀ ਸ਼ਿਕਾਇਤ ਕਰਦਿਆਂ ਲੋਕਾਂ ਨੇ ਕਿਹਾ ਕਿ ਮੁੱਖ ਮੰਤਰੀ ਖ਼ੁਦ ਸਿਰਸਾ ਸ਼ਹਿਰ ਦੀਆਂ ਸੜਕਾਂ ਦਾ ਦੌਰਾ ਕਰ ਕੇ ਦੇਖ ਲੈਣ ਕਿ ਇੱਥੇ ਕਿੰਨਾ ਵਿਕਾਸ ਹੋਇਆ ਹੈ। ਇਹ ਸਮਾਗਮ ਇੱਥੇ ਸੀਡੀਐਲਯੂ ਦੇ ਮਲਟੀਪਲ ਹਾਲ ’ਚ ਕੀਤਾ ਗਿਆ ਸੀ। ਇਸ ਮਗਰੋਂ ਮੁੱਖ ਮੰਤਰੀ ਨੇ ਜਿੱਥੇ ਅਧਿਕਾਰੀਆਂ ਨੂੰ ਤਾੜਨਾ ਕੀਤੀ, ਉੱਥੇ ਹੀ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਤਿੰਨੀ ਮੈਂਬਰੀ ਕਮੇਟੀ ਬਣਾ ਕੇ ਸ਼ਹਿਰ ਵਿੱਚ ਬਣੀਆਂ ਸੜਕਾਂ, ਗਲੀਆਂ ਤੇ ਸੀਵਰਜ ਦਾ ਸਰਵੇ ਕਰ ਕੇ ਪੰਦਰਾਂ ਦਿਨਾਂ ਵਿੱਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ।
ਸੀਡੀਐਲਯੂ ’ਚ ਹੋਏ ਸੰਵਾਦ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਿਥੇ ਆਪਣੇ ਨੌਂ ਸਾਲਾਂ ਦੇ ਰਾਜ ਦੌਰਾਨ ਕੀਤੇ ਵਿਕਾਸ ਕਾਰਜ ਗਿਣਵਾਏ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ। ਇਸ ਦੌਰਾਨ ਲੋਕਾਂ ਨੇ ਸੈਂਕੜੇ ਸ਼ਿਕਾਇਤਾਂ ਮੁੱਖ ਮੰਤਰੀ ਨੂੰ ਦਿੱਤੀਆਂ। ਇਕ ਸ਼ਿਕਾਇਤ ਦੀ ਸੁਣਵਾਈ ਕਰਦਿਆਂ ਜਦੋਂ ਮੁੱਖ ਮੰਤਰੀ ਨੇ ਪਬਲਿਕ ਵਿਭਾਗ ਦੇ ਐਸਈ ਨੂੰ ਸੁਧਰਨ ਜਾਂ ਆਪਣਾ ਬਿਸਤਰਾ ਬੰਨ੍ਹਣ ਦੀ ਤਾੜਨਾ ਕੀਤੀ ਤਾਂ ਹਾਲ ’ਚ ਬੈਠੇ ਸਮੂਹਿਕ ਲੋਕਾਂ ਵੱਲੋਂ ਆਵਾਜ਼ ਆਈ ਕਿ ਮੁੱਖ ਮੰਤਰੀ ਖ਼ੁਦ ਸ਼ਹਿਰ ਦਾ ਦੌਰਾ ਕਰ ਕੇ ਵਿਕਾਸ ਦੀ ਹਕੀਕਤ ਦੇਖ ਲੈਣ। ਮੁੱਖ ਮੰਤਰੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਸਰਵੇ ਲਈ ਕਮੇਟੀ ਬਣਾਉਣ ਦੇ ਹੁਕਮ ਦਿੱਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੈ-ਸਹਾਇਤਾ ਗਰੁੱਪਾਂ ਵੱਲੋਂ ਬਣਾਏ ਸਵਦੇਸ਼ੀ ਉਤਪਾਦਾਂ ਦੇ ਸਟਾਲਾਂ ਦਾ ਦੌਰਾ ਕੀਤਾ।
ਲੋਕਾਂ ਲਈ ਮੁਸੀਬਤ ਬਣੀ ਸਾਈਕਲੋਥੌਨ
ਸਿਰਸਾ: ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਮੁੱਖ ਗੇਟ ਤੋਂ ਸਾਈਕਲੋਥੌਨ ਯਾਤਰਾ ਨੂੰ ਝੰਡੀ ਦਿਖਾ ਕੇ ਨਾ ਸਿਰਸਾ ਰਵਾਨਾ ਕੀਤਾ ਬਲਕਿ ਖੁਦ ਵੀ ਕੁਝ ਦੂਰ ਤੱਕ ਸਾਈਕਲੋਥੌਨ ਯਾਤਰਾ ਵਿੱਚ ਸ਼ਾਮਲ ਹੋਏ। ਇਸ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਰਨਾਲ ਰੋਡ, ਹਿਸਾਰ ਰੋਡ ਸਮੇਤ ਕਈ ਪਿੰਡਾਂ ਦੀਆਂ ਸੜਕਾਂ ਸੀਲ ਕੀਤੀਆਂ ਗਈਆਂ, ਜਿਸ ਕਾਰਨ ਕਈ ਘੰਟੇ ਆਮ ਜਨ ਜੀਵਨ ਪ੍ਰਭਾਵਿਤ ਰਿਹਾ। ਯਾਤਰਾ ’ਚ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ਼ਾਮਲ ਕਰਨ ’ਤੇ ਅਧਿਆਪਕ ਸੰਘ ਨੇ ਇਤਰਾਜ਼ ਪ੍ਰਗਟਾਇਆ ਹੈ। ਸਿਰਸਾ ਵਿੱਚ ਇਸ ਯਾਤਰਾ ਦੌਰਾਨ ਜਿੱਥੇ ‘ਆਪ’ ਦੇ ਦਰਜਨ ਦੇ ਕਰੀਬ ਆਗੂਆਂ ਨੂੰ ਪੁਲੀਸ ਨੇ ਆਪਣੀ ਹਿਰਾਸਤ ਵਿੱਚ ਰੱਖਿਆ ਤੇ ਕਾਂਗਰਸ ਦੇ ਕਈ ਆਗੂਆਂ ਨੂੰ ਘਰਾਂ ਅੰਦਰ ਨਜ਼ਰਬੰਦ ਕੀਤਾ ਗਿਆ ਤੇ ਅਨੇਕਾਂ ਸਰਪੰਚਾਂ ’ਤੇ ਵੀ ਪੁਲੀਸ ਦਾ ਪਹਿਰਾ ਰਿਹਾ।