ਜਨ ਸੰਵਾਦ: ਖੱਟਰ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 15 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ਹਿਜ਼ਾਦਪੁਰ ’ਚ ਜਨ ਸੰਵਾਦ ਪ੍ਰੋਗਰਾਮ ਦੌਰਾਨ ਜਨਤਾ ਨਾਲ ਸਿੱਧੇ ਰਾਬਤਾ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸ਼ਹਿਜ਼ਾਦਪੁਰ ਦੇ ਸਰਪੰਚ ਰਵਿੰਦਰ ਸਿੰਘ ਦੀ ਮੰਗ ’ਤੇ ਉਨ੍ਹਾਂ ਸ਼ਹਿਜ਼ਾਦਪੁਰ ’ਚ ਸੀਵਰੇਜ ਸਿਸਟਮ ਨੂੰ ਮਨਜ਼ੂਰੀ ਦੇ ਦਿੱਤੀ ਤੇ ਜਥੇਬੰਦੀ ਦੀ ਮੰਗ ‘ਤੇ ਉਨ੍ਹਾਂ ਜ਼ਿਲ੍ਹਾ ਯੁਵਾ ਸ਼ਕਤੀ ਸੰਗਠਨ ਵੱਲੋਂ ਚਲਾਏ ਜਾ ਰਹੇ ਰਾਧਾ-ਕ੍ਰਿਸ਼ਨ ਬਾਲ ਆਸ਼ਰਮ ਨਰਾਇਣਗੜ੍ਹ ਨੂੰ 5 ਲੱਖ ਰੁਪਏ ਦੀ ਰਾਸ਼ੀ ਦਿੱਤੀ।
ਸ੍ਰੀ ਖੱਟਰ ਨੇ ਕਿਹਾ ਕਿ ਉਨ੍ਹਾਂ ਦੇ ਜਨ ਸੰਵਾਦ ਦਾ ਮਕਸਦ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਕਰਨਾ ਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 6 ਮਹੀਨਿਆਂ ਦੌਰਾਨ ਉਨ੍ਹਾਂ ਦੇ ਜਨ ਸੰਵਾਦ ਪ੍ਰੋਗਰਾਮਾਂ ਦੌਰਾਨ 26 ਹਜ਼ਾਰ ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਨਿ੍ਹਾਂ ਵਿੱਚੋਂ 7 ਹਜ਼ਾਰ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਦੌਰਾਨ ਨਰਾਇਣਗੜ੍ਹ ਸ਼ੂਗਰ ਮਿੱਲ ਬਾਰੇ ਗੱਲ ਕਰਦਿਆਂ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨੇ ਗੰਨੇ ਦੇ ਬਕਾਏ ਦੀ ਅਦਾਇਗੀ ਦਾ ਮੁੱਦਾ ਉਠਾਇਆ, ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਖੰਡ ਮਿੱਲ ਦਾ ਸਿਸਟਮ ਠੀਕ ਕੀਤਾ ਜਾ ਰਿਹਾ ਹੈ। ਇਸ ਖੰਡ ਮਿੱਲ ਨੇ ਹਰਕੋ ਬੈਂਕ ਨੂੰ 100 ਕਰੋੜ ਰੁਪਏ ਅਤੇ ਇਰੇਡਾ ਨੂੰ ਕਰੀਬ 150 ਕਰੋੜ ਰੁਪਏ ਦੇਣੇ ਹਨ, ਪਿਛਲੇ ਸਾਲ ਕਿਸਾਨਾਂ ਦਾ 66 ਕਰੋੜ ਰੁਪਏ ਦਾ ਬਕਾਇਆ ਸੀ। ਖੰਡ ਮਿੱਲ ਦੇ ਮਾਲਕ ’ਤੇ ਮਾਮਲਾ ਦਰਜ ਹੋਣ ਅਤੇ ਉਸ ਦੇ ਜੇਲ੍ਹ ਜਾਣ ਕਾਰਨ ਖੰਡ ਮਿੱਲ ਦਾ ਸਿਸਟਮ ਬਹੁਤ ਖ਼ਰਾਬ ਹੋ ਗਿਆ ਸੀ।