ਜੰਮੂ-ਕੱਟੜਾ ਐਕਸਪ੍ਰੈੱਸਵੇਅ: ਕਿਸਾਨਾਂ ਵੱਲੋਂ ਪਹਿਲੀ ਤੋਂ ਜ਼ਮੀਨਾਂ ਵਾਹੁਣ ਦਾ ਐਲਾਨ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਜੂਨ
ਪਿੰਡ ਖੇੜੀ ਚੰਦਵਾਂ ਵਿੱਚ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਲਈ ਜ਼ਮੀਨ ਦਾ ਢੁਕਵਾਂ ਭਾਅ ਨਾ ਦੇਣ ਖ਼ਿਲਾਫ਼ ਪਿਛਲੇ ਸਾਲ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਰੋਡ ਸੰਘਰਸ਼ ਕਮੇਟੀ ਵੱਲੋਂ ਲਾਏ ਪੱਕੇ ਮੋਰਚੇ ਦੌਰਾਨ ਕਿਸਾਨਾਂ ਨੇ ਪਹਿਲੀ ਜੁਲਾਈ ਨੂੰ ਜ਼ਮੀਨਾਂ ਵਾਹੁਣ ਦਾ ਐਲਾਨ ਕੀਤਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਸੰਤੋਖਪੁਰਾ ਦੇ ਕਿਸਾਨਾਂ ਦੀ ਜਿਹੜੀ ਜ਼ਮੀਨ ਰੋਡ ਵਿੱਚ ਆਈ ਹੈ, ਉਸ ਦਾ ਐਵਾਰਡ ਪ੍ਰਸ਼ਾਸਨ ਅਤੇ ਸਰਕਾਰਾਂ ਦੀ ਗ਼ਲਤ ਨੀਤੀਆਂ ਕਾਰਨ ਜਾਰੀ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਦੋਫਾੜ ਹੋਈਆਂ ਜ਼ਮੀਨਾਂ ਨੂੰ ਪਾਣੀ ਅਤੇ ਰਸਤੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਦੇਣਾ ਹੀ ਨਹੀਂ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਸੜਕ ਕਾਰਨ ਦੋਫਾੜ ਹੋਈਆਂ ਜ਼ਮੀਨਾਂ ਖੇਤੀ ਦੇ ਯੋਗ ਨਹੀਂ ਰਹੀਆਂ ਤੇ ਨਾ ਹੀ ਸਹੀ ਮੁੱਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਮਸਲਾ ਹੱਲ ਨਹੀਂ ਕੀਤਾ ਗਿਆ। ਅੱਜ ਧਰਨੇ ਵਿੱਚ ਸ਼ਾਮਲ ਕਿਸਾਨ ਆਗੂ ਜਗਤਾਰ ਸਿੰਘ ਵੱਡੀ, ਹਰਮਨਪ੍ਰੀਤ ਸਿੰਘ ਦੁੱਲਟ, ਪਰਮਜੀਤ ਸਿੰਘ, ਗੁਰਭਜਨੀਕ ਸਿੰਘ, ਬਲਦੇਵ ਸਿੰਘ, ਜਤਿੰਦਰ ਸਿੰਘ, ਰਸ਼ਪਾਲ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਨੇ ਪ੍ਰਸ਼ਾਸਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਸਹੀ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਪਹਿਲੀ ਜੁਲਾਈ ਨੂੰ ਆਪਣੀਆਂ ਜ਼ਮੀਨਾਂ ਵਾਹੁਣ ਲਈ ਮਜਬੂਰ ਹੋਣਗੇ। ਜੇ ਐਕਸਪ੍ਰੈਸ ਵੇਅ ਦਾ ਕੋਈ ਕਰਮਚਾਰੀ ਜ਼ਮੀਨ ਵਿੱਚ ਮਸ਼ੀਨਰੀ ਦਾਖਲ ਕਰਨ ਆਇਆ ਤਾਂ ਸਬੰਧਤ ਮਸ਼ੀਨਰੀ ਨੂੰ ਜ਼ਬਤ ਕਰ ਲਿਆ ਜਾਵੇਗਾ।