For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ ਬੱਸ ਹਮਲਾ: ਅਤਿਵਾਦੀਆਂ ਦੀ ਭਾਲ ਲਈ ਸਾਂਝੀ ਮੁਹਿੰਮ ਸ਼ੁਰੂ

06:44 AM Jun 11, 2024 IST
ਜੰਮੂ ਕਸ਼ਮੀਰ ਬੱਸ ਹਮਲਾ  ਅਤਿਵਾਦੀਆਂ ਦੀ ਭਾਲ ਲਈ ਸਾਂਝੀ ਮੁਹਿੰਮ ਸ਼ੁਰੂ
ਰਿਆਸੀ ਵਿੱਚ ਘਟਨਾ ਸਥਾਨ ’ਤੇ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨ। -ਫੋਟੋ: ਪੀਟੀਆਈ
Advertisement

* ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ
* ਐੱਨਆਈਏ ਤੇ ਐੱਸਆਈਏ ਨੇ ਘਟਨਾ ਸਥਾਨ ਦਾ ਕੀਤਾ ਦੌਰਾ

Advertisement

ਜੰਮੂ, 10 ਜੂਨ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਇੱਕ ਮੁਸਾਫ਼ਰ ਬੱਸ ’ਤੇ ਹਮਲੇ ਲਈ ਜ਼ਿੰਮੇਵਾਰ ਅਤਿਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਅੱਜ ਵੱਡੇ ਪੱਧਰ ’ਤੇ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਕੌਮੀ ਜਾਂਚ ਏਜੰਸੀ (ਐੱਨਆਈਏ), ਰਾਜ ਜਾਂਚ ਏਜੰਸੀ (ਐੱਸਆਈਏ) ਤੇ ਫੌਰੈਂਸਿਕ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਹੈ। ਇਹ ਜਾਣਕਾਰੀ ਅਧਿਕਾਰੀ ਨੇ ਦਿੱਤੀ। ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨਾਲ ਜੁੜੀਆਂ ਤਿੰਨ ਜਥੇਬੰਦੀਆਂ ਪੀਪਲ’ਜ਼ ਐਂਟੀ-ਫਾਸਿਸਟ ਫੋਰਸ, ਰਿਵਾਈਵਲ ਆਫ ਰਜਿਸਟੈਂਸ ਅਤੇ ਰਜਿਸਟੈਂਸ ਫਰੰਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਏ ਇਸ ਹਮਲੇ ’ਚ ਨੌਂ ਜਣਿਆਂ ਦੀ ਮੌਤ ਹੋ ਗਈ ਸੀ ਅਤੇ 41 ਹੋਰ ਜ਼ਖ਼ਮੀ ਹੋ ਗਏ ਸਨ। ਮ੍ਰਿਤਕਾਂ ’ਚੋਂ ਚਾਰ ਜਣੇ ਰਾਜਸਥਾਨ ਜਦਕਿ ਤਿੰਨ ਜਣੇ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੈਨਾ, ਪੁਲੀਸ ਤੇ ਸੀਆਰਪੀਐੱਫ ਦੇ ਜਵਾਨਾਂ ਸਮੇਤ ਸੁਰੱਖਿਆ ਬਲਾਂ ਨੇ ਰਾਜੌਰੀ ਜ਼ਿਲ੍ਹੇ ਦੀ ਹੱਦ ਨਾਲ ਲੱਗੇ ਤੇਰਯਾਥ-ਪੋਨੀ-ਸ਼ਿਵ ਖੋੜੀ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਨਾਲ ਲੱਗਦੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਰਿਆਸੀ ਦੇ ਐੱਸਐੱਸਪੀ ਮੋਹਿਤਾ ਸ਼ਰਮਾ ਨੇ ਦੱਸਿਆ, ‘ਇਲਾਕੇ ’ਚ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਅਤਿਵਾਦੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਾਣਕਾਰੀ ਅਨੁਸਾਰ ਹਮਲੇ ’ਚ ਦੋ ਅਤਿਵਾਦੀ ਸ਼ਾਮਲ ਸਨ।’ ਉਨ੍ਹਾਂ ਦੱਸਿਆ ਕਿ ਇਲਾਕੇ ’ਚ ਪੇਂਡੂ ਰੱਖਿਆ ਕਮੇਟੀਆਂ ਨੂੰ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਫੌਰੈਂਸਿਕ ਮਾਹਿਰਾਂ ਦੀ ਟੀਮ ਮੌਕੇ ’ਤੇ ਪੁੱਜੀ ਤੇ ਪੂਰੇ ਇਲਾਕੇ ਦੀ ਜਾਂਚ ਕੀਤੀ ਹੈ। ਐੱਨਆਈਏ ਤੇ ਐੱਸਆਈਏ ਦੀਆਂ ਟੀਮਾਂ ਨੇ ਵੀ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਜੰਮੂ ਖੇਤਰ ’ਚ ਕਾਂਗਰਸ ਸਮੇਤ ਵੱਖ ਵੱਖ ਜਥੇਬੰਦੀਆਂ ਨੇ ਇਸ ਹਮਲੇ ਦੀ ਘਟਨਾ ਦੇ ਰੋਸ ਵਜੋਂ ਮੁਜ਼ਾਹਰੇ ਕੀਤੇ ਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦੀ ਫੜਨ ਦੀ ਮੰਗ ਕੀਤੀ। ਕਿਸ਼ਤਵਾੜ ਤੇ ਰਿਆਸੀ ਇਲਾਕਿਆਂ ’ਚ ਬਾਜ਼ਾਰ ਵੀ ਬੰਦ ਰਹੇ। ਇਸੇ ਦੌਰਾਨ ਸੀਨੀਅਰ ਕਾਂਗਰਸ ਆਗੂ ਡਾ. ਕਰਨ ਸਿੰਘ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਤਿਵਾਦੀ ਘਟਨਾਵਾਂ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ। -ਪੀਟੀਆਈ

ਉਪ ਰਾਜਪਾਲ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਹਮਲੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੀਐੱਮਸੀ ਅਤੇ ਨਾਰਾਇਣ ਹਸਪਤਾਲ ’ਚ ਦਾਖਲ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਅਤਿਵਾਦੀ ਹਮਲਾ ਜੰਮੂ ਖੇਤਰ ’ਚ ਬਦਅਮਨੀ ਫੈਲਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਸਾਡੀ ਤਰਜੀਹ ਜ਼ਖ਼ਮੀਆਂ ਨੂੰ ਬਚਾਉਣਾ ਹੈ। ਅਸੀਂ ਜਾਣਦੇ ਹਾਂ ਕਿ ਕਿਸੇ ਦੀ ਜਾਨ ਜਾਣ ਦੀ ਭਰਪਾਈ ਸੰਭਵ ਨਹੀਂ ਹੈ ਪਰ ਪੀੜਤ ਪਰਿਵਾਰਾਂ ਦੀ ਮਦਦ ਲਈ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਮਨਜ਼ੂਰ ਕੀਤਾ ਹੈ।’ ਇਸੇ ਦੌਰਾਨ ਮਨੋਜ ਸਿਨਹਾ ਨੇ ਅੱਜ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

Advertisement
Author Image

joginder kumar

View all posts

Advertisement
Advertisement
×