ਜੰਮੂ: ਸਿਰ ਵਿੱਚ ਗੋਲੀ ਵੱਜਣ ਕਾਰਨ ਪੰਜਾਬ ਦੇ ਜਵਾਨ ਦੀ ਮੌਤ
ਜੰਮੂ, 2 ਸਤੰਬਰ
ਇੱਥੋਂ ਦੇ ਇੱਕ ਮਿਲਟਰੀ ਸਟੇਸ਼ਨ ’ਤੇ ਸਿਰ ’ਚ ਗੋਲੀ ਵੱਜਣ ਕਾਰਨ ਸੈਨਾ ਦੇ ਇੱਕ ਜਵਾਨ ਦੀ ਮੌਤ ਹੋ ਗਈ। ਫੌਜ ਨੇ ਗੋਲੀਬਾਰੀ ਮਗਰੋਂ ਅਲਰਟ ਜਾਰੀ ਕੀਤੇ ਜਾਣ ਤੇ ਘਰ-ਘਰ ਤਲਾਸ਼ੀ ਮੁਹਿੰਮ ਚਲਾਏ ਜਾਣ ਤੋਂ ਬਾਅਦ ਕਿਸੇ ਵੀ ਅਤਿਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ।
ਅਧਿਕਾਰੀਆਂ ਅਨੁਸਾਰ ਪੰਜਾਬ ਦਾ ਰਹਿਣ ਵਾਲਾ ਨਾਇਕ ਕੁਲਦੀਪ ਸਿੰਘ ਜੰਮੂ ਕੇ ਬਾਹਰਵਾਰ ਸਥਿਤ ਸੁੰਜਵਾਂ ਮਿਲਟਰੀ ਸਟੇਸ਼ਨ ’ਤੇ ਗਾਰਡ ਦੀ ਡਿਊਟੀ ’ਤੇ ਤਾਇਨਾਤ ਸੀ ਜਦੋਂ ਉਸ ਦੇ ਸਿਰ ’ਚ ਗੋਲੀ ਵੱਜੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਫੌਜ ਦੇ ਬੁਲਾਰੇ ਨੇ ਦੱਸਿਆ, ‘ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਜਿਸ ’ਚ ਅੱਜ ਸਵੇਰੇ ਇੱਕ ਜਵਾਨ ਦੀ ਜਾਨ ਚਲੀ ਗਈ ਕੋਈ ਅਤਿਵਾਦੀ ਹਮਲਾ ਨਹੀਂ ਸੀ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।’ ਸੂਤਰਾਂ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸੰਕੇਤ ਮਿਲੇ ਹਨ ਕਿ ਜਵਾਨ ਨੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਪਹਿਲਾਂ ਦਿਨੇ ਜਾਣਕਾਰੀ ਮਿਲੀ ਸੀ ਕਿ ਫੌਜੀ ਕੈਂਪ ’ਚ ਸੰਤਰੀ ਦੀ ਚੌਕੀ ’ਤੇ ਅਤਿਵਾਦੀਆਂ ਵੱਲੋਂ ਕੀਤੀ ਗੋਲੀਬਾਰੀ ’ਚ ਸੈਨਾ ਦਾ ਇਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। ਹਮਲਾਵਰਾਂ ਦਾ ਪਤਾ ਲਾਉਣ ਤੇ ਉਨ੍ਹਾਂ ਦੇ ਖਾਤਮੇ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ ਤਕਰੀਬਨ 10.50 ਵਜੇ ਜੰਮੂ ਦੇ ਬਾਹਰੀ ਇਲਾਕੇ ’ਚ ਸਥਿਤ ਸੁੰਜਵਾਂ ਫੌਜੀ ਸਟੇਸ਼ਨ ’ਤੇ ਕੁਝ ਰਾਊਂਡ ਗੋਲੀਬਾਰੀ ਹੋਈ। ਘਟਨਾ ’ਚ ਫ਼ੌਜੀ ਗੰਭੀਰ ਜ਼ਖ਼ਮੀ ਹੋ ਗਿਆ। ਬੁਲਾਰੇ ਨੇ ਸੰਤਰੀ ਦੀ ਚੌਕੀ ’ਤੇ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੇ ਬਿਨਾਂ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਸਬੰਧੀ ਹੋਰ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਦੀ ਸਰਦ ਰੁੱਤ ਦੀ ਰਾਜਧਾਨੀ ’ਚ ਸਭ ਤੋਂ ਵੱਡੇ ਸੁਰੱਖਿਆ ਕੈਂਪਾਂ ’ਚੋਂ ਇਕ ਦੀ ਸੁਰੱਖਿਆ ’ਚ ਤਾਇਨਾਤ ਸੈਨਾ ਦੀ ਇੱਕ ਚੌਕੀ ’ਤੇ ਅਤਿਵਾਦੀਆਂ ਨੇ ਕੁਝ ਰਾਊਂਡ ਗੋਲੀਆਂ ਚਲਾਈਆਂ, ਜਿਸ ਮਗਰੋਂ ਕੁਝ ਦੇਰ ਤੱਕ ਗੋਲੀਬਾਰੀ ਹੋਈ। ਇਸ ਘਟਨਾ ਮਗਰੋਂ ਅਤਿਵਾਦੀਆਂ ਨੂੰ ਫੜਨ ਲਈ ਸਥਾਨਕ ਪੁਲੀਸ ਨੇ ਵਿਸ਼ੇਸ਼ ਮੁਹਿੰਮ ਸਮੂਹ (ਐੱਸਓਜੀ) ਨੇ ਸੈਨਾ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। -ਪੀਟੀਆਈ