Jammu: ਰਾਮਬਨ ਵਿੱਚ ਬੱਸ ’ਤੇ ਹਮਲਾ; ਚਾਰ ਉਸਾਰੀ ਕਾਮੇ ਜ਼ਖ਼ਮੀ
ਜੰਮੂ, 1 ਜਨਵਰੀ
ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਅੱਜ ਇਕ ਬੱਸ ’ਤੇ ਹੋਏ ਹਮਲੇ ਵਿੱਚ ਉਸਾਰੀ ਕੰਪਨੀ ਦੇ ਚਾਰ ਕਾਮੇ ਜ਼ਖ਼ਮੀ ਹੋ ਗਏ। ਇਹ ਬੱਸ ਇਨ੍ਹਾਂ ਕਾਮਿਆਂ ਨੂੰ ਕੰਮ ਵਾਲੀ ਜਗ੍ਹਾ ’ਤੇ ਲੈ ਕੇ ਜਾ ਰਹੀ ਸੀ। ਇਸ ਸਬੰਧ ਵਿੱਚ ਪੁਲੀਸ ਵੱਲੋਂ ਅੱਠ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਹ ਬੱਸ ਕੰਪਨੀ ਦੇ ਕਾਮਿਆਂ ਨੂੰ ਮਾਰੋਗ ’ਚ ਇਕ ਸੁਰੰਗ ਦੇ ਪ੍ਰਾਜੈਕਟ ਵਾਲੀ ਜਗ੍ਹਾ ’ਤੇ ਲੈ ਕੇ ਜਾ ਰਹੀ ਸੀ। ਇਸ ਦੌਰਾਨ ਸੈਰੀ ਵਿੱਚ ਨਕਾਬਪੋਸ਼ ਵਿਅਕਤੀਆਂ ਨੇ ਵਾਹਨ ਨੂੰ ਘੇਰ ਲਿਆ ਅਤੇ ਉਸ ਵਿੱਚ ਬੈਠੇ ਕਾਮਿਆਂ ਦੀ ਕੁੱਟਮਾਰ ਕੀਤੀ। ਇਸ ਸਬੰਧੀ ਖ਼ਬਰ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇਸ ਘਟਨਾ ਵਿੱਚ ਕੰਪਨੀ ਦੇ ਚਾਰ ਮੁਲਾਜ਼ਮ ਜ਼ਖ਼ਮੀ ਹੋ ਗਏ। ਐੱਸਐੱਸਪੀ ਰਾਮਬਨ ਕੁਲਬੀਰ ਸਿੰਘ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਪੁੱਛ- ਪੜਤਾਲ ਲਈ ਅੱਠ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ ’ਤੇ ਉਸਾਰੀ ਕੰਪਨੀ ਦੇ ਕੁਝ ਕਾਮਿਆਂ ਨੂੰ ਕੁੱਟਿਆ। ਉਨ੍ਹਾਂ ਕਿਹਾ ਕਿ ਪਰਵਾਸੀ ਕਾਮਿਆਂ ਨੂੰ ਡਰਨ ਦੀ ਲੋੜ ਨਹੀਂ ਹੈ। -ਪੀਟੀਆਈ