ਜੰਮੂ ਕਸ਼ਮੀਰ: ਵਾਹਨ 300 ਫੁੱਟ ਡੂੰਘੀ ਖੱਡ ’ਚ ਡਿੱਗਿਆ, 10 ਹਲਾਕ
ਬਨਿਹਾਲ/ਜੰਮੂ, 29 ਮਾਰਚ
ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਅੱਜ ਤੜਕੇ ਐੱਸਯੂਵੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਦਸ ਵਿਅਕਤੀਆਂ ਦੀ ਮੌਤ ਹੋ ਗਈ। ਇਹ ਟਾਵੇਰਾ ਕਾਰ ਸ੍ਰੀਨਗਰ ਤੋਂ ਜੰਮੂ ਜਾ ਰਹੀ ਸੀ ਅਤੇ ਬੈਟਰੀ ਚਸ਼ਮਾ ਇਲਾਕੇ ਵਿੱਚ ਤੜਕੇ ਲਗਪਗ 1.15 ਵਜੇ 300 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਦੌਰਾਨ ਡਰਾਈਵਰ ਅਤੇ ਨੌਂ ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਜੰਮੂ ਦੇ ਪਿੰਡ ਅੰਬ ਗਰੋਟਾ ਦਾ ਰਹਿਣ ਵਾਲਾ ਡਰਾਈਵਰ ਬਲਵਾਨ ਸਿੰਘ (47) ਅਤੇ ਬਿਹਾਰ ਦੇ ਪੱਛਮੀ ਚੰਪਾਰਨ ਦਾ ਵਸਨੀਕ ਵਿਪਨ ਮੁਖੀਆ ਭੈਰਾਗਾਂਗ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਦੇ ਜਵਾਨਾਂ ਵੱਲੋਂ ਭਾਰੀ ਮੀਂਹ ਦੇ ਬਾਵਜੂਦ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਗਰਾਂਟ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ ਦਿੱਤੀ ਜਾਵੇਗੀ। -ਪੀਟੀਆਈ