ਜੰਮੂ ਕਸ਼ਮੀਰ: ਉਮਰ ਅਬਦੁੱਲਾ ਅੱਜ ਮੁੱਖ ਮੰਤਰੀ ਵਜੋਂ ਹਲਫ ਲੈਣਗੇ
ਸ੍ਰੀਨਗਰ, 15 ਅਕਤੂਬਰ
ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਸਾਲ 2019 ’ਚ ਰੱਦ ਹੋਣ ਮਗਰੋਂ ਪਹਿਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਤੋਂ ਬਾਅਦ ਉਮਰ ਅਬਦੁੱਲਾ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ 16 ਅਕਤੂਬਰ ਨੂੰ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ’ਚ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਉਪ ਰਾਜਪਾਲ ਮਨੋਜ ਸਿਨਹਾ ਸਵੇਰੇ 11.30 ਵਜੇ ਅਹੁਦੇ ਦਾ ਹਲਫ ਦਿਵਾਉਣਗੇ। ਅਧਿਕਾਰੀਆਂ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਵਾਲੀ ਥਾਂ ਨੇੜੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ, ‘ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਕਿਉਂਕਿ ਇਸ ਸਮਾਗਮ ’ਚ ਕਈ ਅਹਿਮ ਹਸਤੀਆਂ ਸ਼ਾਮਲ ਹੋਣਗੀਆਂ। ਅਸੀਂ ਪ੍ਰੋਗਰਾਮ ਦਾ ਸੰਚਾਲਨ ਸਹੀ ਢੰਗ ਨਾਲ ਕਰਾਂਗੇ।’ ਸਮਾਗਮ ’ਚ ਸ਼ਾਮਲ ਹੋਣ ਲਈ ਇੰਡੀਆ ਗੱਠਜੋੜ ਦੀਆਂ ਧਿਰਾਂ ਨੂੰ ਸੱਦਾ ਭੇਜਿਆ ਗਿਆ ਹੈ। -ਪੀਟੀਆਈ
ਕਾਂਗਰਸ ਵਿਧਾਇਕ ਦਲ ਦੇ ਆਗੂ ਹੋਣਗੇ ਗੁਲਾਮ ਅਹਿਮਦ ਮੀਰ
ਕਾਂਗਰਸ ਨੇ ਅੱਜ ਗੁਲਾਮ ਅਹਿਮਦ ਮੀਰ ਨੂੰ ਜੰਮੂ ਕਸ਼ਮੀਰ ’ਚ ਆਪਣੇ ਵਿਧਾਇਕ ਦਲ ਦਾ ਆਗੂ ਨਿਯੁਕਤ ਕੀਤਾ ਹੈ। ਕਾਂਗਰੇ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਜੰਮੂ ਕਸ਼ਮੀਰ ਕਾਂਗਰਸ ਦੇ ਮੁਖੀ ਤਾਰਿਕ ਹਮੀਦ ਕਾਰਾ ਨੂੰ ਭੇਜੇ ਪੱਤਰ ’ਚ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਡੋਰੂ ਵਿਧਾਨ ਸਭਾ ਸੀਟ ਤੋਂ ਰਿਕਾਰਡ ਵੋਟਾਂ ਦੇ ਫਰਕ ਨਾਲ ਜਿੱਤਣ ਵਾਲੇ ਮੀਰ ਨੂੰ ਵਿਧਾਇਕ ਦਲ ਦਾ ਆਗੂ ਨਿਯੁਕਤ ਕੀਤਾ ਹੈ।