ਜੰਮੂ-ਕਸ਼ਮੀਰ: ਉਮਰ ਅਬਦੁੱਲਾ ਨੇ ਬਡਗਾਮ ਸੀਟ ਛੱਡੀ, ਗੰਦਰਬਲ ਤੋਂ ਬਣੇ ਰਹਿਣਗੇ ਵਿਧਾਇਕ
ਸ੍ਰੀਨਗਰ, 21 ਅਕਤੂਬਰ
CM Abdullah vacates Budgam assembly seat: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਜੋ ਹਾਲੀਆ ਵਿਧਾਨ ਸਭਾ ਚੋਣਾਂ ਦੌਰਾਨ ਦੋ ਹਲਕਿਆਂ - ਗੰਦਰਬਲ ਤੇ ਬਡਗਾਮ ਤੋਂ ਵਿਧਾਇਕ ਚੁਣੇ ਗਏ ਸਨ, ਨੇ ਬਡਗਾਮ ਸੀਟ ਖ਼ਾਲੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਹ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਗੰਦਰਬਲ ਹਲਕੇ ਦੀ ਨੁਮਾਇੰਦਗੀ ਕਰਦੇ ਰਹਿਣਗੇ। ਇਹ ਜਾਣਕਾਰੀ ਵਿਧਾਨ ਸਭਾ ਦੇ ਪ੍ਰੋ-ਟੈੱਮ ਸਪੀਕਰ ਮੁਬਾਰਕ ਗੁਲ ਸੋਮਵਾਰ ਨੂੰ ਸਦਨ ਵਿਚ ਦਿੱਤੀ ਹੈ।
ਗ਼ੌਰਤਲਬ ਹੈ ਕਿ ਗੰਦਰਬਲ ਹਲਕੇ ਨੂੰ ਅਬਦੁੱਲਾ ਪਰਿਵਾਰ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ। ਅਬਦੁੱਲਾ (54 ਸਾਲ) 2009 ਤੋਂ 2014 ਦੌਰਾਨ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵੇਲੇ ਵੀ ਇਥੋਂ ਹੀ ਵਿਧਾਇਕ ਸਨ।
ਇਸ ਤਰ੍ਹਾਂ ਵਿਧਾਨ ਸਭਾ ਵਿਚ ਹਾਕਮ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਦੀ ਗਿਣਤੀ 42 ਤੋਂ ਘਟ ਕੇ 41 ਰਹਿ ਗਈ ਹੈ, ਪਰ ਉਨ੍ਹਾਂ ਦੀ ਸਰਕਾਰ ਨੂੰ 90 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਹਾਸਲ ਹੈ। ਉਨ੍ਹਾਂ ਦੀ ਸਰਕਾਰ ਨੂੰ ਕਾਂਗਰਸ ਦੇ 6 ਵਿਧਾਇਕਾਂ ਤੋਂ ਇਲਾਵਾ ਪੰਜ ਆਜ਼ਾਦ ਅਤੇ ‘ਆਪ’ ਤੇ ਸੀਪੀਐੱਮ ਦੇ ਇਕ-ਇਕ ਵਿਧਾਇਕ ਨੇ ਹਮਾਇਤ ਦਿੱਤੀ ਹੋਈ ਹੈ। -ਪੀਟੀਆਈ