ਜੰਮੂ ਕਸ਼ਮੀਰ: ਉਮਰ ਅਬਦੁੱਲਾ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਸ੍ਰੀਨਗਰ, 11 ਅਕਤੂਬਰ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਬੈਠਕ ਦੌਰਾਨ ਉਮਰ ਨੇ ਸਿਨਹਾ ਨੂੰ ਗੱਠਜੋੜ ਵਿਚਲੇ ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਸੌਂਪਿਆ। ਯਾਦ ਰਹੇ ਕਿ ਉਮਰ ਅਬਦੁੱਲਾ ਨੂੰ ਲੰਘੇ ਦਿਨ ਸਰਬਸੰਮਤੀ ਨਾਲ ਨੈਸ਼ਨਲ ਕਾਨਫਰੰਸ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਉਮਰ ਅਬਦੁੱਲਾ ਨੇ 2009 ਤੋਂ 2014 ਦੌਰਾਨ ਵੀ ਐੱਨਸੀ-ਕਾਂਗਰਸ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ। ਨੈਸ਼ਨਲ ਕਾਨਫਰੰਸ ਨੇ ਹਾਲੀਆ ਅਸੈਂਬਲੀ ਚੋਣਾਂ ਵਿਚ 42 ਸੀਟਾਂ ਜਿੱਤੀਆਂ ਹਨ ਜਦੋਂਕਿ ਕਾਂਗਰਸ ਦੇ 6 ਵਿਧਾਇਕ ਹਨ। ਇਸ ਦੌਰਾਨ ਚਾਰ ਆਜ਼ਾਦ ਵਿਧਾਇਕਾਂ ਤੇ ‘ਆਪ’ ਦੇ ਇਕਲੌਤੇ ਵਿਧਾਇਕ ਨੇ ਵੀ ਨੈਸ਼ਨਲ ਕਾਨਫਰੰਸ ਦੀ ਹਮਾਇਤ ਦਾ ਐਲਾਨ ਕੀਤਾ ਹੈ। ਰਾਜ ਭਵਨ ਦੀ ਫੇਰੀ ਤੋਂ ਬਾਅਦ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਉਪ ਰਾਜਪਾਲ ਨੂੰ ਹਲਫ਼ਦਾਰੀ ਸਮਾਗਮ ਦੀ ਤਰੀਕ ਛੇਤੀ ਨਿਰਧਾਰਿਤ ਕੀਤੇ ਜਾਣ ਦੀ ਅਪੀਲ ਕੀਤੀ ਹੈ। -ਪੀਟੀਆਈ