ਜੰਮੂ-ਕਸ਼ਮੀਰ: ਫ਼ੌਜੀ ਵਾਹਨ ਉਤੇ ਹਮਲੇ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਦਹਿਸ਼ਤਗਰਦ ਹਲਾਕ
ਜੰਮੂ, 28 ਅਕਤੂਬਰ
Three terrorists killed in J&K's Akhnoor: ਜੰਮੂ-ਕਸ਼ਮੀਰ ਦੇ ਜੰਮੂ ਜ਼ਿਲ੍ਹੇ ’ਚ ਅਖ਼ਨੂਰ ਸੈਕਟਰ ਵਿਚ ਸੋਮਵਾਰ ਨੂੰ ਇਕ ਫ਼ੌਜੀ ਵਾਹਨ ਉਤੇ ਘਾਤ ਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਵਿਚ ਸ਼ਾਮਲ ਤਿੰਨੋਂ ਦਹਿਸ਼ਤਗਰਦ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ ਹਨ। ਇਹ ਜਾਣਕਾਰੀ ਇਥੇ ਸਰਕਾਰੀ ਸੂਤਰਾਂ ਨੇ ਦਿੱਤੀ ਹੈ।
ਸੂਤਰਾਂ ਨੇ ਕਿਹਾ, ‘‘ਜੰਮੂ ਜ਼ਿਲ੍ਹੇ ’ਚ ਅਖ਼ਨੂਰ ਖੇਤਰ ਦੇ ਬੱਤਲ ਵਿਚ ਇਕ ਫ਼ੌਜੀ ਵਾਹਨ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਤਿੰਨ ਦਹਿਸ਼ਤਗਰਦ ਮਾਰੇ ਗਏ ਹਨ। ਮਾਰੇ ਗਏ ਅਤਿਵਾਦੀਆਂ ਦੀਆਂ ਲਾਸ਼ਾਂ ਘਟਨਾ ਵਾਲੀ ਥਾਂ ਤੋਂ ਬਰਾਮਦ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਸਹੀ ਸ਼ਨਾਖ਼ਤ ਦਾ ਪਤਾ ਲਾਸ਼ਾਂ ਮਿਲਣ ਤੋਂ ਬਾਅਦ ਹੀ ਲੱਗ ਸਕੇਗਾ।’’
ਇਸ ਤੋਂ ਪਹਿਲਾਂ ਅੱਜ ਬੱਤਲ ਇਲਾਕੇ ਵਿਚ ਤਿੰਨ ਦਹਿਸ਼ਤਗਰਦਾਂ ਨੇ ਫ਼ੌਜ ਦੀ ਇਕ ਗੱਡੀ ਉਤੇ ਘਾਤ ਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੋਵੇਂ ਧਿਰਾਂ ਦਰਮਿਆਨ ਮੁਕਾਬਲਾ ਸ਼ੁਰੂ ਹੋ ਗਿਆ। ਫ਼ੌਜ ਅਤੇ ਪੁਲੀਸ ਸਣੇ ਸੁਰੱਖਿਆ ਦਸਤਿਆਂ ਨੇ ਫ਼ੌਰੀ ਇਲਾਕੇ ਨੂੰ ਚਾਰੇ ਪਾਸਿਉਂ ਘੇਰ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ, ‘‘ਦਹਿਸ਼ਤਗਰਦਾਂ ਦੀ ਹਮਲੇ ਦੀ ਕੋਸ਼ਿਸ਼ ਨਾਕਾਮ ਰਹੀ, ਜਿਸ ਤੋਂ ਬਾਅਦ ਇਲਾਕੇ ਨੂੰ ਘੇਰਾ ਪਾ ਕੇ ਅਪਰੇਸ਼ਨ ਸ਼ੁਰੂ ਕੀਤਾ ਗਿਆ। ਦੋਵਾਂ ਧਿਰਾਂ ਦਰਮਿਆਨ ਗੋਲੀਬਾਰੀ ਜਾਰੀ ਹੈ ਅਤੇ ਦਹਿਸ਼ਤਗਰਦਾਂ ਦੇ ਬਚ ਨਿਕਲਣ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਹਨ।’’ ਪਰ ਬਾਅਦ ਵਿਚ ਗੋਲੀਬਾਰੀ ਰੁਕ ਗਈ।
ਦੇਖੋ ਵੀਡੀਓ:
ਗ਼ੌਰਤਲਬ ਹੈ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਲਈ ਹੋਈਆਂ ਪੁਰਅਮਨ ਚੋਣਾਂ, ਜਿਨ੍ਹਾਂ ਵਿਚ ਲੋਕਾਂ ਨੇ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ ਤੋਂ ਬਾਅਦ ਦਹਿਸ਼ਤਗਰਦਾਂ ਨੇ ਸਰਹੱਦ-ਪਾਰੋਂ ਆਪਣੇ ਆਕਾਵਾਂ ਤੋਂ ਮਿਲੀਆਂ ਹਦਾਇਤਾਂ ਮੁਤਾਬਕ ਜੰਮੂ-ਕਸ਼ਮੀਰ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਬੀਤੇ ਵੀਰਵਾਰ ਨੂੰ ਦਹਿਸ਼ਤਗਰਦਾਂ ਨੇ ਗੁਲਮਰਗ ਵਿਚ ਫ਼ੌਜ ਦੇ ਇਕ ਵਾਹਨ ਉਤੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਦੋ ਫ਼ੌਜੀ ਜਵਾਨਾਂ ਅਤੇ ਦੋ ਸਿਵਲ ਮਜ਼ਦੂਰਾਂ ਦੀ ਜਾਨ ਜਾਂਦੀ ਰਹੀ ਸੀ। ਅਜਿਹੀਆਂ ਹੋਰ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। -ਆਈਏਐੱਨਐੱਸ