ਜੰਮੂ-ਕਸ਼ਮੀਰ: ਪੁਣਛ ਵਿੱਚੋਂ ਤਿੰਨ ਬਾਰੂਦੀ ਸੁਰੰਗਾਂ ਬਰਾਮਦ
ਪੁਣਛ/ਮੇਂਧੜ, 17 ਅਪਰੈਲ
ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਪੁਣਛ ’ਚੋਂ ਅੱਜ ਦਹਿਸ਼ਤਗਰਦਾਂ ਦੇ ਟਿਕਾਣੇ ਤੋਂ ਤਿੰਨ ਬਾਰੂਦੀ ਸੁਰੰਗਾਂ (ਆਈਈਡੀ) ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰੂਦੀ ਸੁਰੰਗਾਂ ਦਾ ਭਾਰ ਤਿੰਨ ਤੋਂ 20 ਕਿਲੋ ਦੇ ਵਿਚਾਲੇ ਹੈ ਜੋ ਕਿ ਵਰਤਣ ਲਈ ਪੂਰੀ ਤਰ੍ਹਾਂ ਤਿਆਰ ਸਨ। ਜੰਮੂ ਅਤੇ ਕਸ਼ਮੀਰ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਬਰਾਮਦਗੀ ਨੂੰ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਹ ਬਾਰੂਦੀ ਸੁਰੰਗਾਂ ਪੁਲੀਸ, ਸੀਆਰਪੀਐੱਫ ਅਤੇ ਰਾਸ਼ਟਰੀ ਰਾਈਫਲਜ਼ ਵੱਲੋਂ ਮੇਂਧੜ ਸਬ ਡਵੀਜ਼ਨ ਦੇ ਸਨਾਈ-ਗੁਰਸਾਈ ਇਲਾਕੇ ’ਚ ਚਲਾਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਇੱਕ ਗੁਫ਼ਾ ਵਿਚਲੇ ਟਿਕਾਣੇ ਤੋਂ ਬਰਾਮਦ ਹੋਈਆਂ ਜੋ ਕਿ 5 ਕਿੱਲੋ, 10 ਕਿੱਲੋ ਤੇ 20 ਕਿੱਲੋ ਦੀ ਸਮਰੱਥਾ ਵਾਲੇ ਸਟੀਲ ਦੇ ਕੰਟੇਨਰਾਂ ਵਿੱਚ ਫਿੱਟ ਕੀਤੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਬੰਬ ਡਿਸਪੋਜ਼ਲ ਸਕੁਐਡ ਨੇ ਬਾਅਦ ਵਿੱਚ ਇਨ੍ਹਾਂ ਤਿੰਨਾਂ ਬਾਰੂਦੀ ਸੁਰੰਗਾਂ ਨੂੰ ਨਕਾਰਾ ਕਰਦਿਆਂ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ’ਚ ਦਹਿਸ਼ਤਗਰਦਾਂ ਵੱਲੋਂ ਧਮਾਕੇ ਕਰਨ ਦੀ ਯੋਜਨਾ ਨੂੰ ਨਾਕਾਮ ਬਣਾ ਦਿੱਤਾ। ਉਨ੍ਹਾਂ ਮੁਤਾਬਕ ਉਪਰਲੇ ਸਨਾਈ ਇਲਾਕੇ ’ਚ ਸੰਭਾਵੀ ਟਿਕਾਣੇ ਤੇ ਸ਼ੱਕੀ ਸਰਗਰਮੀਆਂ ਸਬੰਧੀ ਮਿਲੀ ਗੁਪਤ ਇਤਲਾਹ ਦੇ ਆਧਾਰ ’ਤੇ ਜੰਮੂ ਤੇ ਕਸ਼ਮੀਰ ਪੁਲੀਸ ਦੇ ਸਪੈਸ਼ਲ ਅਪਰੇਸ਼ਨਜ਼ ਗਰੁੱਪ ਅਤੇ ਰਾਸ਼ਟਰੀ ਰਾਈਫਲਜ਼ ਨਾਲ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ।
ਸੀਆਰਪੀਐੱਫ ਦੀ 246ਵੀ ਬਟਾਲੀਅਨ ਦੇ ਅਧਿਕਾਰੀ ਰਜਨੀਸ਼ ਯਾਦਵ ਨੇ ਦੱਸਿਆ ਕਿ ਬਰਾਮਦ ਹੋਈਆਂ ਤਿੰਨ ਬਾਰੂਦੀ ਸੁਰੰਗਾਂ ਵਿੱਚ ਇੱਕ ਦਾ ਵਜ਼ਨ 15 ਤੋਂ 20 ਕਿੱਲੋ, ਦੂਜੀ ਦਾ 8 ਤੋਂ 10 ਕਿੱਲੋ ਅਤੇ ਤੀਜੀ ਦਾ ਪੰਜ ਕਿੱਲੋ ਹੈ, ਜਿਨ੍ਹਾਂ ਨੂੰ ਨਕਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦਹਿਸ਼ਤਗਰਦਾਂ ਦੀ ਹਮਲਾ ਕਰਨ ਦੀ ਯੋਜਨਾ ਨਾਕਾਮ ਹੋ ਗਈ ਹੈ। -ਪੀਟੀਆਈ