ਜੰਮੂ ਕਸ਼ਮੀਰ ਦਹਿਸ਼ਤੀ ਹਮਲਾ ‘ਇੰਟੈਲੀਜੈਂਸ ਦੀ ਨਾਕਾਮੀ’, ਧਾਰਾ 370 ਰੱਦ ਕਰਨ ਨਾਲ ਹਿੰਸਾ ਖ਼ਤਮ ਨਹੀਂ ਹੋਈ: ਸੈਨਾ(ਯੂਬੀਟੀ)
ਮੁੰਬਈ, 24 ਅਪਰੈਲ
ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਸੈਲਾਨੀਆਂ ’ਤੇ ਹਮਲਾ ‘ਇੰਟੈਲੀਜੈਂਸ ਦੀ ਨਾਕਾਮੀ’ ਦਾ ਨਤੀਜਾ ਸੀ। ਪਾਰਟੀ ਨੇ ਕਿਹਾ ਕਿ ਮਹਿਜ਼ ਪਾਕਿਸਤਾਨ ਨੂੰ ਧਮਕਾਉਣ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਦਰਪੇਸ਼ ਮਸਲੇ ਦਾ ਹੱਲ ਨਹੀਂ ਨਿਕਲਣਾ। ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਆਪਣੇ ਪਰਚੇ ‘ਸਾਮਨਾ’ ਦੀ ਸੰਪਾਦਕੀ ਵਿਚ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਧਾਰਾ 370, ਜਿਸ ਤਹਿਤ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਹਾਸਲ ਸੀ, ਮਨਸੂਖ ਕੀਤੇ ਜਾਣ ਨਾਲ ਕਸ਼ਮੀਰ ਵਾਦੀ ਵਿਚ ਹਿੰਸਾ ਦਾ ਭੋਗ ਨਹੀਂ ਪਿਆ, ਜਿੱਥੇ ਹਿੰਦੂਆਂ ਨੂੰ ਅਜੇ ਵੀ ‘ਨਿਸ਼ਾਨਾ’ ਬਣਾਇਆ ਜਾ ਰਿਹਾ ਹੈ।
ਸ਼ਿਵ ਸੈਨਾ (ਯੂਬੀਟੀ) ਨੇ ਆਪਣੇ ਸਾਬਕਾ ਭਾਈਵਾਲ ’ਤੇ ਹਮਲਾ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਾਲ 2019 ਵਿਚ ਸੰਵਿਧਾਨ ਦੀ ਵਿਵਾਦਿਤ ਵਿਵਸਥਾ ਨੂੰ ਰੱਦ ਕਰਨ ਮਗਰੋਂ ‘ਸਿਆਸੀ ਤਿਉਹਾਰ’ ਮਨਾਇਆ ਸੀ। ਸੰਪਾਦਕੀ ਵਿਚ ਦਾਅਵਾ ਕੀਤਾ ਗਿਆ ਕਿ 5 ਅਗਸਤ 2019 ਮਗਰੋਂ ਹੁਣ ਤੱਕ ਜੰਮੂ ਕਸ਼ਮੀਰ ਵਿਚ 197 ਸੁਰੱਖਿਆ ਬਲ, 135 ਆਮ ਨਾਗਰਿਕ ਤੇ 700 ਦਹਿਸ਼ਤਗਰਦ ਮਾਰੇ ਜਾ ਚੁੱਕੇ ਹਨ। ਮਰਾਠੀ ਰੋਜ਼ਨਾਮਚੇ ਨੇ ਪੁੱਛਿਆ ਕਿ ਖੁ਼ਦ ਨੂੰ ‘ਜੇਮਸ ਬਾਂਡ’ ਦੱਸਣ ਵਾਲੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਕਿੱਥੇ ਸਨ? ਸੰਪਾਦਕੀ ਵਿਚ ਕਿਹਾ ਗਿਆ, ‘‘2019 ਪੁਲਵਾਮਾ ਹਮਲੇ ਮਗਰੋਂ ਪਹਿਲਗਾਮ ਹਮਲਾ ਇੰਟੈਲੀਜੈਂਸ ਦੀ ਨਾਕਾਮੀ ਸੀ।
ਭਾਜਪਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਉਨ੍ਹਾਂ ਦੇ ਰਾਜ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਲਈ ਅਸਤੀਫ਼ਾ ਮੰਗਿਆ ਹੈ, ਪਰ ਕੌਮੀ ਭਗਵਾ ਪਾਰਟੀ (ਪਹਿਲਗਾਮ ਵਿੱਚ) ਹਿੰਦੂਆਂ ਦੇ ਕਤਲੇਆਮ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ।’’ ਸੰਪਾਦਕੀ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝੂਠ ਬੋਲਿਆ ਜਦੋਂ ਉਨ੍ਹਾਂ ਕਿਹਾ ਕਿ 2016 ਦੀ ਨੋਟਬੰਦੀ ਅਤਿਵਾਦ ਦੀ ‘ਰੀੜ੍ਹ ਦੀ ਹੱਡੀ ਤੋੜ ਦੇਵੇਗੀ’। ਇਸ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਅਤਿਵਾਦ ਖਤਮ ਹੋ ਗਿਆ ਹੈ, ਪਰ ਉੱਥੇ ਹਰ ਰੋਜ਼ ਖੂਨ ਵਹਾਇਆ ਜਾ ਰਿਹਾ ਹੈ।ਸੰਪਾਦਕੀ ਵਿਚ ਜ਼ੋਰ ਦਿੱਤਾ ਗਿਆ, ‘‘ਵਾਦੀ ਵਿੱਚ ਹਿੰਸਾ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਤੇ (ਵਿਸਥਾਪਿਤ) ਕਸ਼ਮੀਰੀ ਪੰਡਤਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਹਨ। ਇਸ ਦੇ ਉਲਟ, ਹਿੰਦੂ (ਵਾਦੀ ’ਚੋਂ) ਭੱਜ ਰਹੇ ਹਨ।
ਭਾਜਪਾ, ਜੋ ਹਿੰਦੂਆਂ ਦਾ ਮਸੀਹਾ ਹੋਣ ਦਾ ਦਾਅਵਾ ਕਰਦੀ ਹੈ, ਨੂੰ ਇਸ ’ਤੇ ਸ਼ਰਮ ਆਉਣੀ ਚਾਹੀਦੀ ਹੈ।’’ ਸੰਪਾਦਕੀ ਵਿਚ ਕਿਹਾ ਗਿਆ, ‘‘ਪਾਕਿਸਤਾਨ ਨੂੰ ਧਮਕੀ ਦੇਣ ਨਾਲ ਮਸਲੇ ਹੱਲ ਨਹੀਂ ਹੋਣ ਵਾਲੇ। ਇਸ ਨਾਲ ਸਿਰਫ਼ ‘ਭਗਤਾਂ’ (ਭਾਜਪਾ ਸਮਰਥਕਾਂ) ਨੂੰ ਚੰਗਾ ਲੱਗੇਗਾ। ਹਿੰਦੂਆਂ ਦੀ ਰੱਖਿਆ ਕੌਣ ਕਰੇਗਾ? ਹਿੰਦੂਆਂ ਦੇ ਮਰਨ ਤੋਂ ਬਾਅਦ ਰੋਣਾ ਅਤੇ ਵਿਰਲਾਪ ਕਰਨਾ ਅਤੇ ਫਿਰ ਪਾਕਿਸਤਾਨ ਅਤੇ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਉਣਾ ਉਨ੍ਹਾਂ ਦਾ (ਭਾਜਪਾ) ਕੰਮ ਹੈ। ਇਹ ਪੁਲਵਾਮਾ (ਹਮਲੇ) ਤੋਂ ਬਾਅਦ ਵੀ ਹੋਇਆ।’’ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਹਮਲਾ ਕਰਦੇ ਹੋਏ, ਸੰਪਾਦਕੀ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪਿਛਲੇ ਦਸ ਸਾਲਾਂ ਤੋਂ ਦੇਸ਼ ਭਰ ਵਿੱਚ ਧਾਰਮਿਕ ਲੀਹਾਂ ’ਤੇ ਨਫ਼ਰਤ ਫੈਲਾਈ ਜਾ ਰਹੀ ਹੈ। -ਪੀਟੀਆਈ