For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ: ਅਤਿਵਾਦੀਆਂ ਵੱਲੋਂ ਸੇਵਾਮੁਕਤ ਐੱਸਐੱਸਪੀ ਦੀ ਹੱਤਿਆ

07:32 AM Dec 25, 2023 IST
ਜੰਮੂ ਕਸ਼ਮੀਰ  ਅਤਿਵਾਦੀਆਂ ਵੱਲੋਂ ਸੇਵਾਮੁਕਤ ਐੱਸਐੱਸਪੀ ਦੀ ਹੱਤਿਆ
ਪੁਣਛ ਵਿੱਚ ਸ਼ਹੀਦ ਦੀ ਮ੍ਰਿਤਕ ਦੇਹ ਲਿਆਂਦੇ ਹੋਏ ਫ਼ੌਜ ਦੇ ਜਵਾਨ। -ਫੋਟੋ: ਪੀਟੀਆਈ
Advertisement

ਸ੍ਰੀਨਗਰ, 24 ਦਸੰਬਰ
ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਅੱਜ ਅਤਿਵਾਦੀਆਂ ਨੇ 72 ਸਾਲਾ ਸੇਵਾਮੁਕਤ ਪੁਲੀਸ ਅਧਿਕਾਰੀ ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦ ਉਹ ‘ਅਜ਼ਾਨ’ ਪੜ੍ਹ ਰਹੇ ਸਨ। ਉਹ ਇਕ ਸਥਾਨਕ ‘ਮੁਅੱਜ਼ਿਨ’ ਸਨ। ਮੁਹੰਮਦ ਸ਼ਫੀ ਮੀਰ ਦੀ ਹੱਤਿਆ ਤੋਂ ਪਹਿਲਾਂ ਦੇ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਰਿਸ਼ਤੇਦਾਰ ਮੁਹੰਮਦ ਮੁਸਤਫਾ ਨੇ ਕਿਹਾ ਕਿ ਦਿਨ ਚੜ੍ਹਨ ਤੋਂ ਪਹਿਲਾਂ ਨਮਾਜ਼ ਲਈ ਲਾਊਡਸਪੀਕਰ ਤੋਂ ਅਜ਼ਾਨ ਦਿੱਤੀ ਜਾ ਰਹੀ ਸੀ ਕਿ ਇਹ ਵਿਚਾਲੇ ਹੀ ਅਚਾਨਕ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਮੀਰ ਦੇ ਆਖਰੀ ਸ਼ਬਦ ‘ਰਹਿਮ’ ਸਨ। ਘਟਨਾ ਵੇਲੇ ਮੁਸਤਫਾ ਘਰ ’ਚ ਸਨ। ਪੁਲੀਸ ਨੇ ਕਿਹਾ ਕਿ ਮੀਰ 2012 ਵਿਚ ਐੱਸਐੱਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਕਿਹਾ ਕਿ ਅੱਜ ਤੜਕੇ ਉੱਤਰੀ ਕਸ਼ਮੀਰ ਦੇ ਸ਼ੀਰੀ ਇਲਾਕੇ ਦੇ ਗੰਤਮੁੱਲਾ ਖੇਤਰ ਵਿਚ ਮਸਜਿਦ ਦੇ ਅੰਦਰ ਅਤਿਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰੀ ਹੈ। ਮੀਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸੇਵਾਮੁਕਤੀ ਤੋਂ ਬਾਅਦ ਸਥਾਨਕ ‘ਮੁਅੱਜ਼ਿਨ’ ਬਣ ਗਏ ਸਨ ਤੇ ਮਸਜਿਦ ਵਿਚ ਆਪਣੇ ਫਰਜ਼ਾਂ ਪ੍ਰਤੀ ਸਮਰਪਿਤ ਸਨ। ਦੱਸਣਯੋਗ ਹੈ ਕਿ ‘ਮੁਅੱਜ਼ਿਨ’ ਉਸ ਨੂੰ ਕਹਿੰਦੇ ਹਨ ਜੋ ਅਜ਼ਾਨ ਜ਼ਰੀਏ ਲੋਕਾਂ ਨੂੰ ਨਮਾਜ਼ ਲਈ ਸੱਦਾ ਦਿੰਦਾ ਹੈ।

Advertisement

ਐੱਸਐੱਸਪੀ ਮੁਹੰਮਦ ਸ਼ਫੀ ਮੀਰ ਦੀ ਮ੍ਰਿਤਕ ਦੇਹ ਨੂੰ ਅੰਤਿਮ ਰਸਮਾਂ ਲਈ ਲਿਜਾਂਦੇ ਹੋਏ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ। -ਫੋਟੋ: ਪੀਟੀਆਈ

ਘਟਨਾ ਮਗਰੋਂ ਮੀਰ ਦੇ ਘਰ ਤੇ ਮਸਜਿਦ ਕੰਪਲੈਕਸ ਵਿਚ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਮ੍ਰਿਤਕ ਦੇ ਪਰਿਵਾਰ ਵਿਚ ਪਤਨੀ, ਦੋ ਬੇਟੇ ਤੇ ਇਕ ਬੇਟੀ ਹੈ। ਮੁਸਤਫਾ ਨੇ ਮੀਡੀਆ ਨੂੰ ਦੱਸਿਆ ਕਿ ਮੀਰ ਉਨ੍ਹਾਂ ਦੇ ਚਚੇਰੇ ਭਰਾ ਸਨ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਬਾਰਾਮੂਲਾ ਦੇ ਹਸਪਤਾਲ ਲਿਜਾਇਆ ਗਿਆ। ਮੀਰ ਦੇ ਕੁਝ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਚਾਰ ਵਾਰ ਗੋਲੀ ਮਾਰੀ ਗਈ ਸੀ। ਮੀਰ ਦੇ ਛੋਟੇ ਭਰਾ ਅਬਦੁਲ ਕਰੀਮ ਨੇ ਕਿਹਾ ਕਿ ਉਹ ਰੋਜ਼ਾਨਾ ‘ਅਜ਼ਾਨ’ ਪੜ੍ਹਦੇ ਸਨ। ਕਰੀਮ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਇਕ ਸਾਜ਼ਿਸ਼ ਸੀ ਕਿਉਂਕਿ ਇਮਾਮ ਸਾਹਿਬ ਸ਼ਨਿਚਰਵਾਰ ਨੂੰ ਘਰ ਜਾਂਦੇ ਹਨ ਤੇ ਐਤਵਾਰ ਨੂੰ ਪਰਤਦੇ ਹਨ।’ ਰਾਜਨੀਤਕ ਪਾਰਟੀਆਂ ਨੇ ਹੱਤਿਆ ਦੀ ਨਿਖੇਧੀ ਕੀਤੀ ਤੇ ਸਾਬਕਾ ਪੁਲੀਸ ਅਧਿਕਾਰੀ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਨੈਸ਼ਨਲ ਕਾਨਫਰੰਸ ਨੇ ਕਿਹਾ ਕਿ ਹਿੰਸਾ ਨੂੰ ਕਿਸੇ ਵੀ ਰੂਪ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਾਰਟੀ ਨੇ ਦੱਸਿਆ ਕਿ ਫਾਰੂਕ ਅਬਦੁੱਲ੍ਹਾ ਤੇ ਉਮਰ ਅਬਦੁੱਲ੍ਹਾ ਨੇ ਘਟਨਾ ’ਤੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ। ਪੀਡੀਪੀ ਪ੍ਰਧਾਨ ਮਹਬਿੂਬਾ ਮੁਫਤੀ ਨੇ ਕਿਹਾ ਕਿ ਕੇਂਦਰ ਵੱਲੋਂ ਪ੍ਰਚਾਰੀ ਗਈ ‘ਆਮ ਵਰਗੀ ਸਥਿਤੀ’ ਦੇ ਦਿਖਾਵੇ ਨੂੰ ਕਾਇਮ ਰੱਖਣ ਦੀ ਕੀਮਤ ਬੇਕਸੂਰ ਲੋਕਾਂ ਨੂੰ ਅਦਾ ਕਰਨੀ ਪੈ ਰਹੀ ਹੈ। ਉਨ੍ਹਾਂ ‘ਐਕਸ’ ਉਤੇ ਪੋਸਟ ਕੀਤਾ, ‘ਅਤਿਵਾਦੀ ਹਮਲੇ ਵਿਚ ਪੰਜ ਜਵਾਨ ਸ਼ਹੀਦ ਹੋ ਗਏ, ਸੈਨਾ ਵੱਲੋਂ ਹਿਰਾਸਤ ਵਿਚ ਤਿੰਨ ਬੇਕਸੂਰ ਨਾਗਰਿਕਾਂ ਨੂੰ ਤਸ਼ੱਦਦ ਢਾਹ ਕੇ ਮਾਰ ਦਿੱਤਾ ਗਿਆ, ਕਈ ਹੁਣ ਵੀ ਹਸਪਤਾਲਾਂ ਵਿਚ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ ਤੇ ਹੁਣ ਇਕ ਸੇਵਾਮੁਕਤ ਐੱਸਐੱਸਪੀ ਦੀ ਹੱਤਿਆ ਕਰ ਦਿੱਤੀ ਗਈ ਹੈ।’ -ਪੀਟੀਆਈ

Advertisement

ਪੁਣਛ: ਨਾਗਰਿਕਾਂ ਦੀ ਮੌਤ ਬਾਰੇ ਅੰਦਰੂਨੀ ਜਾਂਚ ਕਰਾਏਗੀ ਫੌਜ

ਨਵੀਂ ਦਿੱਲੀ: ਫੌਜ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਤਿੰਨ ਨਾਗਰਿਕਾਂ ਦੀ ਮੌਤ ਦੀ ਆਪਣੇ ਪੱਧਰ ’ਤੇ ਡੂੰਘਾਈ ਨਾਲ ਜਾਂਚ ਕਰਨ ਦਾ ਹੁਕਮ ਦੇ ਦਿੱਤਾ ਹੈ। ਦੋਸ਼ ਲਾਇਆ ਗਿਆ ਸੀ ਕਿ ਇਹ ਨਾਗਰਿਕ ਫੌਜ ਦੀ ਹਿਰਾਸਤ ਵਿਚ ਮਰੇ ਹਨ। ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ ਫੌਜ ਨੇ ਅੰਦਰੂਨੀ ਜਾਂਚ ਦਾ ਹੁਕਮ ਦੇ ਦਿੱਤਾ ਹੈ। ਇਨ੍ਹਾਂ ਤਿੰਨ ਨਾਗਰਿਕਾਂ ਨੂੰ ਫੌਜ ਕਥਿਤ ਪੁੱਛਗਿੱਛ ਲਈ ਲੈ ਕੇ ਗਈ ਸੀ। ਇਨ੍ਹਾਂ ਤੋਂ 21 ਦਸੰਬਰ ਨੂੰ ਪੁਣਛ ਵਿਚ ਹੋਏ ਅਤਿਵਾਦੀ ਹਮਲੇ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਜਾਣੀ ਸੀ। ਘਾਤ ਲਾ ਕੇ ਕੀਤੇ ਗਏ ਇਸ ਹਮਲੇ ਵਿਚ ਚਾਰ ਫੌਜੀ ਜਵਾਨ ਮਾਰੇ ਗਏ ਸਨ। ਸ਼ੁੱਕਰਵਾਰ ਨੂੰ ਮ੍ਰਿਤਕ ਮਿਲੇ ਨਾਗਰਿਕਾਂ ਦੀ ਉਮਰ 27-42 ਸਾਲ ਦੇ ਵਿਚਾਲੇ ਸੀ। ਰਿਸ਼ਤੇਦਾਰਾਂ ਤੇ ਸਿਆਸੀ ਨੇਤਾਵਾਂ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਨਾਗਰਿਕਾਂ ਦੀ ਮੌਤ ‘ਫੌਜ ਦੀ ਹਿਰਾਸਤ ਵਿਚ ਹੋਏ ਤਸ਼ੱਦਦ ਕਾਰਨ ਹੋਈ ਹੈ।’ ਉਨ੍ਹਾਂ ਕਿਹਾ ਕਿ ਫੌਜ 8 ਜਣਿਆਂ ਨੂੰ ਪੁੱਛਗਿੱਛ ਲਈ ਲੈ ਕੇ ਗਈ ਸੀ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਪੁਲੀਸ ਵੀ ਇਨ੍ਹਾਂ ਮੌਤਾਂ ਦੀ ਜਾਂਚ ਕਰ ਰਹੀ ਹੈ। ਫੌਜ ਨੇ ਸ਼ਨਿਚਰਵਾਰ ਕਿਹਾ ਸੀ ਕਿ ਇਹ ਜਾਂਚ ਦੌਰਾਨ ‘ਪੂਰਾ ਸਹਿਯੋਗ ਤੇ ਤਾਲਮੇਲ’ ਕਰਨ ਲਈ ਵਚਨਬੱਧ ਹੈ। -ਪੀਟੀਆਈ

ਸਾਂਬਾ ਜ਼ਿਲ੍ਹੇ ’ਚ ਮੋਰਟਾਰ ਸ਼ੈੱਲ ਨੂੰ ਨਕਾਰਾ ਕੀਤਾ

ਸਾਂਬਾ/ਜੰਮੂ: ਜੰਮੂ ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਦਸਤੇ ਨੇ ਅੱਜ ਸਾਂਬਾ ਜ਼ਿਲ੍ਹੇ ਵਿਚ ਇਕ ਮੋਰਟਾਰ ਸ਼ੈੱਲ ਨੂੰ ਨਕਾਰਾ ਕਰ ਦਿੱਤਾ। ਇਹ ਸ਼ੈੱਲ ਰਾਜਪੁਰਾ ਖੇਤਰ ਦੇ ਸਰਹੱਦੀ ਪਿੰਡ ’ਚ ਖੇਤਾਂ ਵਿਚ ਪਿਆ ਮਿਲਿਆ ਸੀ। ਸੂਚਨਾ ਮਿਲਣ ’ਤੇ ਬੰਬ ਨਕਾਰਾ ਕਰਨ ਵਾਲਾ ਦਸਤਾ ਮੌਕੇ ਉਤੇ ਪੁੱਜਿਆ ਤੇ ਕਾਰਵਾਈ ਨੂੰ ਅੰਜਾਮ ਦਿੱਤਾ। -ਪੀਟੀਆਈ

ਹੱਤਿਆ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਸਿਨਹਾ

ਜੰਮੂ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸੇਵਾਮੁਕਤ ਪੁਲੀਸ ਅਧਿਕਾਰੀ ਦੀ ਬਾਰਾਮੂਲਾ ਵਿਚ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੀ ਨਿਖੇਧੀ ਕੀਤੀ ਹੈ। ਸਿਨਹਾ ਨੇ ਕਿਹਾ ਕਿ ਇਸ ਘਟਨਾ ਵਿਚ ਸ਼ਾਮਲ ਕਾਇਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ। ਇਸੇ ਦੌਰਾਨ ਪੁਣਛ ਜ਼ਿਲ੍ਹੇ ਵਿਚ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਚਾਰ ਸੈਨਿਕਾਂ ਨੂੰ ਅੱਜ ਰਾਜੌਰੀ ਵਿਚ ਸੈਨਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਨਾਇਕ ਬੀਰੇਂਦਰ ਸਿੰਘ, ਨਾਇਕ ਕਰਨ ਕੁਮਾਰ, ਰਾਈਫਲਮੈਨ ਗੌਤਮ ਕੁਮਾਰ ਤੇ ਰਾਈਫਲਮੈਨ ਚੰਦਨ ਕੁਮਾਰ ਨੂੰ ਸ਼ਰਧਾਂਜਲੀ ਦੇਣ ਮੌਕੇ ਜੀਓਸੀ-ਇਨ-ਚੀਫ, ਉੱਤਰੀ ਕਮਾਨ ਲੈਫ਼ ਜਨਰਲ ਉਪੇਂਦਰ ਦਿਵੇਦੀ ਹਾਜ਼ਰ ਸਨ। ਘਾਤ ਲਾ ਕੇ ਕੀਤੇ ਹਮਲੇ ਮਗਰੋਂ ਫਰਾਰ ਹੋਏ ਅਤਿਵਾਦੀਆਂ ਦੀ ਪੈੜ ਨੱਪਣ ਲਈ ਸੈਨਾ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲੀਸ ਤੇ ਨੀਮ ਫੌਜੀ ਬਲ ਵੀ ਸੈਨਾ ਦਾ ਸਾਥ ਦੇ ਰਹੇ ਹਨ। ਰਾਜੌਰੀ ਤੇ ਪੁਣਛ ਵਿਚ ਇੰਟਰਨੈੱਟ ਸੇਵਾਵਾਂ ਅੱਜ ਵੀ ਬੰਦ ਰਹੀਆਂ। ਇਸੇ ਦੌਰਾਨ ਬੀਐੱਸਐਫ ਦੇ ਵਿਸ਼ੇਸ਼ ਡੀਜੀ ਵਾਈਬੀ ਖੁਰਾਨੀਆ ਨੇ ਜੰਮੂ ਵਿਚ ਕੌਮਾਂਤਰੀ ਸਰਹੱਦ ਤੇ ਐਲਓਸੀ ਦਾ ਦੌਰਾ ਕੀਤਾ ਹੈ। ਉਨ੍ਹਾਂ ਸਰਹੱਦੀ ਚੌਕੀਆਂ ਦਾ ਦੌਰਾ ਕਰ ਕੇ ਸਥਿਤੀ ਦੀ ਸਮੀਖਿਆ ਕੀਤੀ ਤੇ ਅਧਿਕਾਰੀਆਂ ਨੂੰ ਵੀ ਮਿਲੇ। -ਪੀਟੀਆਈ

Advertisement
Author Image

Advertisement