ਜੰਮੂ ਕਸ਼ਮੀਰ: ਚੋਣ ਡਿਊਟੀ ਵਾਹਨਾਂ ’ਤੇ ਲੱਗਣਗੇ ਜੀਪੀਐੱਸ ਟਰੈਕਿੰਗ ਸਿਸਟਮ
ਜੰਮੂ, 13 ਮਾਰਚ
ਚੋਣ ਕਮਿਸ਼ਨ ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਜੰਮੂ ਕਸ਼ਮੀਰ ਦਾ ਚੋਣ ਵਿਭਾਗ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਅਗਾਮੀ ਸੰਸਦੀ ਚੋਣਾਂ ਲਈ 12,500 ਪੋਲ ਡਿਊਟੀ ਵਾਹਨਾਂ ’ਤੇ ਨਿਗਰਾਨੀ ਲਈ ਜੀਪੀਐੱਸ-ਸਮਰੱਥ ਟਰੈਕਿੰਗ ਸਿਸਟਮ ਖਰੀਦੇਗਾ। ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਪਾਂਡੂਰੰਗ ਕੇ ਪੋਲ ਨੇ ਕੰਪਨੀਆਂ ਤੋਂ ਚੋਣ ਡਿਊਟੀ ਵਾਹਨਾਂ ਲਈ ਜੀਪੀਐੱਸ-ਸਮਰੱਥ ਵਾਹਨ ਟਰੈਕਿੰਗ ਸਿਸਟਮ ਖਰੀਦਣ ਸਬੰਧੀ ਪ੍ਰਸਤਾਵ ਲਈ ਅਪੀਲ (ਆਰਐੱਫਪੀ) ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀਈਓਜ਼) ਅਤੇ ਸੀਈਓ ਦੇ ਦਫ਼ਤਰ ਵਿੱਚ ਜੀਪੀਐੱਸ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ ਅਤੇ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਅਤੇ ਵੋਟਰ ਵੈਰਫਾਈਏਬਲ ਪੇਪਰ ਆਡਿਟ ਟਰੈਲ (ਵੀਵੀਪੀਏਟੀ) ਲਿਜਾਣ ਵਾਲੇ ਵਾਹਨਾਂ ’ਤੇ ਨਿਗਰਾਨੀ ਲਈ ਟਰੈਕਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਚੋਣਾਂ ਦੇ ਐਲਾਨ ਮਗਰੋਂ ਲੋੜ ਮੁਤਾਬਕ ਇਨ੍ਹਾਂ ਦੀ ਗਿਣਤੀ ਘੱਟ-ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਦੇ ਅੰਦਰ ਜੀਪੀਐੱਸ ਟਰੈਕਰ ਉਪਕਰਣ ਲਗਾਏ ਜਾਣਗੇ। ਇਹ ਵਾਹਨ ਜੰਮੂ ਕਸ਼ਮੀਰ ’ਚ ਸਬੰਧਤ ਡੀਈਓਜ਼ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਵੱਖ ਵੱਖ ਥਾਵਾਂ ’ਤੇ ਤਾਇਨਾਤ ਕੀਤੇ ਜਾਣਗੇ। -ਪੀਟੀਆਈ