ਜੰਮੂ ਕਸ਼ਮੀਰ ਚੋਣਾਂ
ਇਤਿਹਾਸਕ ਧਾਰਾ 370 ਖ਼ਤਮ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਹੋਣ ਜਾ ਰਹੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਸਿਆਸੀ ਹੱਲੇ ਤਿੱਖੇ ਹੁੰਦੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਡੋਡਾ ਜ਼ਿਲ੍ਹੇ ਵਿੱਚ ਹੋਈ ਇੱਕ ਚੋਣ ਰੈਲੀ ਦੌਰਾਨ ਖੇਤਰ ਦੇ ਰਾਜਨੀਤਕ ਪਰਿਵਾਰਵਾਦ ਉੱਤੇ ਤਿੱਖਾ ਨਿਸ਼ਾਨਾ ਸੇਧਿਆ। ਉਨ੍ਹਾਂ ਸਿੱਧੇ ਤੌਰ ’ਤੇ ਕਾਂਗਰਸ, ਨੈਸ਼ਨਲ ਕਾਨਫਰੰਸ (ਐੱਨਸੀ) ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਉੱਤੇ ਲੋਕਾਂ ਦੇ ਹਿੱਤਾਂ ਨਾਲੋਂ ਪਰਿਵਾਰ ਨੂੰ ਵੱਧ ਤਰਜੀਹ ਦੇਣ ਦੇ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪਰਿਵਾਰਵਾਦ ਦੀ ਸਿਆਸਤ ਨੇ ਖੇਤਰ ਨੂੰ ‘ਖੋਖ਼ਲਾ’ ਕੀਤਾ ਹੈ ਤੇ ਤਰੱਕੀ ਵਿੱਚ ਵੀ ਅੜਿੱਕਾ ਪਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਜਪਾ ਹੀ ਇੱਕੋ-ਇੱਕ ਰਾਜਨੀਤਕ ਸ਼ਕਤੀ ਹੈ ਜੋ ਇਸ ਤਰ੍ਹਾਂ ਦੇ ਢਾਂਚੇ ਨੂੰ ਖ਼ਤਮ ਕਰ ਸਕਦੀ ਹੈ ਤੇ ਨੌਜਵਾਨਾਂ ਦੀ ਅਗਵਾਈ ’ਚ ਇੱਕ ਨਵੀਂ ਸ਼ੁਰੂਆਤ ਦੇ ਕੇ ਵਿਕਾਸ ’ਤੇ ਧਿਆਨ ਕੇਂਦਰਿਤ ਕਰ ਸਕਦੀ ਹੈ।
ਅਗਾਮੀ ਚੋਣਾਂ ਜੰਮੂ ਕਸ਼ਮੀਰ ਲਈ ਬੇਹੱਦ ਮਹੱਤਵਪੂਰਨ ਸਾਬਿਤ ਹੋਣਗੀਆਂ। ਧਾਰਾ 370 ਖ਼ਤਮ ਕਰ ਕੇ ਭਾਜਪਾ ਖ਼ੁਦ ਨੂੰ ਖੇਤਰ ਵਿੱਚ ਇੱਕ ਪ੍ਰਮੁੱਖ ਤਾਕਤ ਵਜੋਂ ਸਥਾਪਿਤ ਕਰਨ ਦੀ ਚਾਹਵਾਨ ਹੈ। ਇਸ ਮੰਤਵ ਦੀ ਪੂਰਤੀ ਲਈ ਪਾਰਟੀ ਨੇ ਵੋਟਰਾਂ ਨੂੰ ਸ਼ਾਂਤੀ, ਸਥਿਰਤਾ ਤੇ ਆਰਥਿਕ ਤਰੱਕੀ ਦਾ ਸੁਪਨਾ ਦਿਖਾਇਆ ਹੈ। ਮੋਦੀ ਨੇ ਜ਼ੋਰ ਦਿੱਤਾ ਹੈ ਕਿ ਸਿਰਫ਼ ਭਾਜਪਾ ਹੀ ਉੱਚੀ ਬੇਰੁਜ਼ਗਾਰੀ ਦਰ ਦਾ ਹੱਲ ਕਰ ਕੇ ਅਤੇ ਖੇਤਰ ਵਿੱਚ ਨਿਵੇਸ਼ ਲਿਆ ਕੇ ਅਰਥਪੂਰਨ ਬਦਲਾਅ ਲਿਆ ਸਕਦੀ ਹੈ, ਜੋ ਕਿ ਚਿਰਾਂ ਤੋਂ ਸਿਆਸੀ ਅਸਥਿਰਤਾ ਕਾਰਨ ਨਹੀਂ ਵਾਪਰ ਸਕਿਆ ਹੈ। ਪ੍ਰਧਾਨ ਮੰਤਰੀ ਦਾ ਬਿਆਨ ਕਿ ‘ਅਤਿਵਾਦ ਆਖ਼ਰੀ ਸਾਹ ਲੈ ਰਿਹਾ ਹੈ’’, ਸੁਰੱਖਿਆ ’ਤੇ ਭਾਜਪਾ ਵੱਲੋਂ ਲਾਏ ਜਾ ਰਹੇ ਜ਼ੋਰ ਨੂੰ ਦਰਸਾਉਂਦਾ ਹੈ ਜੋ ਕਿ ਖੇਤਰੀ ਲੋਕਾਂ ਦਾ ਸਭ ਤੋਂ ਵੱਡਾ ਭੈਅ ਹੈ ਤੇ ਦਹਾਕਿਆਂ ਤੋਂ ਇਲਾਕਾ ਦਹਿਸ਼ਤਗਰਦੀ ਨਾਲ ਗ੍ਰਸਤ ਹੈ।
ਹਾਲਾਂਕਿ, ਚੋਣ ਮੁਕਾਬਲਾ ਇੱਕਪਾਸੜ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ। ਨੈਸ਼ਨਲ ਕਾਨਫਰੰਸ ਤੇ ਪੀਡੀਪੀ ਵਰਗੀਆਂ ਖੇਤਰੀ ਪਾਰਟੀਆਂ ਨੇ ਕਾਂਗਰਸ ਨਾਲ ਏਕਾ ਕੀਤਾ ਹੈ ਤੇ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਬਹਾਲ ਕਰਾਉਣ ਦਾ ਅਹਿਦ ਲਿਆ ਹੈ। ਧਾਰਾ 370 ਦੇ ਖਾਤਮੇ ਨਾਲ ਹੀ ਇਹ ਵਿਸ਼ੇਸ਼ ਦਰਜਾ ਵੀ ਖ਼ਤਮ ਕਰ ਦਿੱਤਾ ਗਿਆ ਸੀ। ਕਾਂਗਰਸ ਨੇ ਅਹਿਦ ਕੀਤਾ ਹੈ ਕਿ ਇਹ ਸੰਪੂਰਨ ਰਾਜ ਦਾ ਦਰਜਾ ਬਹਾਲ ਕਰਾਏਗੀ, ਜਦੋਂਕਿ ਐੱਨਸੀ ਤੇ ਪੀਡੀਪੀ ਨੇ ਖੇਤਰ ਦੀ ਪਛਾਣ ਅਤੇ ਜਮਹੂਰੀ ਹੱਕਾਂ ਨੂੰ ਬਚਾਉਣ ’ਤੇ ਧਿਆਨ ਕੇਂਦਰਿਤ ਕੀਤਾ ਹੈ। ਇਨ੍ਹਾਂ ਦਾ ਗੱਠਜੋੜ ਭਾਜਪਾ ਦੇ ਵਿਕਾਸ ਦੇ ਬਿਰਤਾਂਤ ਨੂੰ ਟੱਕਰ ਦੇਵੇਗਾ ਤੇ ਨਾਲ ਹੀ ਭਾਜਪਾ ਵੱਲੋਂ ਖ਼ੁਦ ਨੂੰ ਖੇਤਰੀ ਖ਼ੁਦਮੁਖਤਿਆਰੀ ਦਾ ਰੱਖਿਅਕ ਦੱਸੇ ਜਾਣ ਦਾ ਵੀ ਮੁਕਾਬਲਾ ਕਰੇਗਾ। ਕਾਂਗਰਸ, ਐੱਨਸੀ ਤੇ ਪੀਡੀਪੀ ਦਾ ਗੱਠਜੋੜ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਮੁਕਾਮੀ ਵਿਰੋਧ ਦਾ ਲਾਹਾ ਲੈਣ ਦੀ ਵੀ ਕੋਸ਼ਿਸ਼ ਕਰੇਗਾ। ਇਹ ਚੋਣਾਂ ਆਖ਼ਰ ਵਿੱਚ ਤੈਅ ਕਰਨਗੀਆਂ ਕਿ ਕੀ ਵੋਟਰ ‘ਅਤਿਵਾਦ ਮੁਕਤ, ਖੁਸ਼ਹਾਲ’ ਜੰਮੂ ਕਸ਼ਮੀਰ ਦੇ ਮੋਦੀ ਦੇ ਸੁਪਨੇ ਨੂੰ ਅਪਣਾਉਂਦੇ ਹਨ ਜਾਂ ਫੇਰ ਰਵਾਇਤੀ ਖੇਤਰੀ ਤਾਕਤਾਂ ਪ੍ਰਤੀ ਹੀ ਵਫ਼ਾਦਾਰ ਬਣੇ ਰਹਿੰਦੇ ਹਨ।