ਜੰਮੂ ਕਸ਼ਮੀਰ: ਭਾਜਪਾ ਵੱਲੋਂ 16 ਉਮੀਦਵਾਰਾਂ ਦਾ ਐਲਾਨ
* ਭਾਜਪਾ ਦੇ ਚੋਣ ਪ੍ਰਚਾਰ ਦੀ ਅਗਵਾਈ ਕਰਨਗੇ ਮੋਦੀ
* ਪਾਰਟੀ ਵਰਕਰਾਂ ਦੇ ਰੋਸ ਪ੍ਰਦਰਸ਼ਨਾਂ ਮਗਰੋਂ 44 ਉਮੀਦਵਾਰਾਂ ਦੀ ਪਹਿਲਾਂ ਜਾਰੀ ਸੂਚੀ ਵਾਪਸ ਲਈ
ਨਵੀਂ ਦਿੱਲੀ, 26 ਅਗਸਤ
ਭਾਜਪਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਜੰਮੂ ਅਤੇ ਕਸ਼ਮੀਰ ਦੋਵਾਂ ਖੇਤਰਾਂ ਦੇ ਉਮੀਦਵਾਰ ਸ਼ਾਮਲ ਹਨ। ਜਾਣਕਾਰੀ ਅਨੁਸਾਰ ਸੂਚੀ ਵਿਚ ਸ਼ਾਮਲ ਇੱਕੋ-ਇੱਕ ਮਹਿਲਾ ਉਮੀਦਵਾਰ ਸ਼ਗੁਨ ਪਰਿਹਾਰ ਕਿਸ਼ਤਵਾੜ ਤੋਂ ਚੋਣ ਲੜੇਗੀ। ਇਸ ਤੋਂ ਪਹਿਲਾਂ ਪਾਰਟੀ ਨੇ 44 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਪਰ ਬਾਅਦ ਵਿੱਚ ਭਾਜਪਾ ਦੇ ਜੰਮੂ ਹੈੱਡਕੁਆਰਟਰ ਵਿੱਚ ਪਾਰਟੀ ਵਰਕਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਮਗਰੋਂ ਭਾਜਪਾ ਨੇ 16 ਉਮੀਦਵਾਰਾਂ ਦੀ ਸੋਧੀ ਹੋਈ ਸੂਚੀ ਜਾਰੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪਾਰਟੀ ’ਤੇ ‘ਪੈਰਾਸ਼ੂਟ ਉਮੀਦਵਾਰਾਂ’ ਦਾ ਪੱਖ ਪੂਰਨ ਦਾ ਦੋਸ਼ ਲਾਇਆ ਸੀ। ਸੋਧੀ ਹੋਈ ਸੂਚੀ ਅਨੁਸਾਰ ਪਾਰਟੀ ਨੇ ਪੰਪੋਰ ਤੋਂ ਸਈਅਦ ਸ਼ੌਕਤ ਗਯੂਰ ਅੰਦਰਾਬੀ, ਰਾਜਪੋਰਾ ਤੋਂ ਅਰਸ਼ੀਦ ਭੱਟ, ਸ਼ੋਪੀਆਂ ਤੋਂ ਜਾਵੇਦ ਅਹਿਮਦ ਕਾਦਰੀ, ਅਨੰਤਨਾਗ ਪੱਛਮੀ ਤੋਂ ਮੁਹੰਮਦ ਰਫੀਕ ਵਾਨੀ, ਅਨੰਤਨਾਗ ਤੋਂ ਸਈਦ ਵਜ਼ਾਹਤ ਜਦਕਿ ਵੀਰ ਸਰਾਫ ਨੂੰ ਸ਼ੰਗੁਸ-ਅਨੰਤਨਾਗ ਪੂਰਬੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸੇ ਤਰ੍ਹਾਂ ਸ੍ਰੀਗੁਫਵਾੜਾ-ਬਿਜਬੇਹਾੜ ਾਤੋਂ ਸੋਫੀ ਯੂਸਫ, ਇੰਦਰਵਾਲ ਤੋਂ ਤਾਰਿਕ ਕੀਨ ਅਤੇ ਬਨਿਹਾਲ ਤੋਂ ਸਲੀਮ ਭੱਟ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਭਾਜਪਾ ਨੇ ਸੁਨੀਲ ਸ਼ਰਮਾ, ਦਲੀਪ ਸਿੰਘ ਪਰਿਹਾਰ, ਗਜੈ ਸਿੰਘ ਰਾਣਾ, ਸ਼ਕਤੀ ਰਾਜ ਅਤੇ ਰਾਕੇਸ਼ ਠਾਕੁਰ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਹੈ। ਚੌਧਰੀ ਰੌਸ਼ਨ ਹੁਸੈਨ ਗੁੱਜਰ ਕੋਕਰਨਾਗ ਤੋਂ ਚੋਣ ਲੜਨਗੇ ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ ਕਿ ਪਾਰਟੀ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਵੀ ਜਲਦੀ ਹੀ ਜਾਰੀ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਆਪਣੇ ਦਮ ’ਤੇ ਚੋਣਾਂ ਲੜਨਗੇ। ਇਸ ਸਬੰਧੀ ਉਹ ਆਜ਼ਾਦ ਉਮੀਦਵਾਰਾਂ ਨਾਲ ਵੀ ਗੱਲਬਾਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਤਿੰਨ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ 24 ਸੀਟਾਂ ’ਤੇ ਵੋਟਾਂ ਪੈਣਗੀਆਂ। -ਏਐੱਨਆਈ
ਭਾਜਪਾ ਦੇ ਚੋਣ ਪ੍ਰਚਾਰ ਦੀ ਅਗਵਾਈ ਕਰਨਗੇ ਮੋਦੀ
ਜੰਮੂ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਦੀਆਂ ਅਗਾਮੀ ਅਸੈਂਬਲੀ ਚੋਣਾਂ ਵਿਚ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਦੀ ਅਗਵਾਈ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਚੋਣ ਕਮਿਸ਼ਨ ਨੂੰ ਸੌਂਪੀ ਪਾਰਟੀ ਦੇ 40 ਸਟਾਰ ਚੋਣ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਹਨ। ਚੋਣ ਪ੍ਰਚਾਰ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ, ਮਨੋਹਰ ਲਾਲ ਖੱਟਰ, ਜੀ. ਕਿਸ਼ਨ ਰੈੱਡੀ, ਸ਼ਿਵਰਾਜ ਸਿੰਘ ਚੌਹਾਨ, ਜੀਤੇਂਦਰ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਸਮ੍ਰਿਤੀ ਇਰਾਨੀ ਤੇੇ ਜਨਰਲ (ਸੇਵਾਮੁਕਤ) ਵੀਕੇ ਸਿੰਘ ਤੋਂ ਇਲਾਵਾ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਜੰਮੂ ਕਸ਼ਮੀਰ ਆਉਣਗੇ। ਜੰਮੂ ਕਸ਼ਮੀਰ ਵਿਚ ਤਿੰਨ ਗੇੜਾਂ ਤਹਿਤ 18 ਸਤੰਬਰ, 25 ਸਤੰਬਰ ਤੇ 1 ਅਕਤੂੁਬਰ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ। ਪੰਜ ਸਾਲ ਪਹਿਲਾਂ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਮਨਸੂਖ ਕੀਤੇ ਜਾਣ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਇਹ ਪਹਿਲੀਆਂ ਅਸੈਂਬਲੀ ਚੋਣਾਂ ਹਨ। -ਪੀਟੀਆਈ
ਨੈਸ਼ਨਲ ਕਾਨਫਰੰਸ 51 ਤੇ ਕਾਂਗਰਸ 32 ਸੀਟਾਂ ’ਤੇ ਲੜੇਗੀ ਚੋਣ
* ਨੈਸ਼ਨਲ ਕਾਨਫਰੰਸ ਵੱਲੋਂ 18 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਸ੍ਰੀਨਗਰ:
ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ’ਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਨੈਸ਼ਨਲ ਕਾਨਫਰੰਸ 51 ਅਤੇ ਕਾਂਗਰਸ 32 ਸੀਟਾਂ ’ਤੇ ਚੋਣ ਲੜੇਗੀ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ ਰਿਹਾਇਸ਼ ’ਤੇ ਅੱਜ ਕਾਂਗਰਸ ਆਗੂਆਂ ਨਾਲ ਪੂਰਾ ਦਿਨ ਚੱਲੀ ਮੀਟਿੰਗ ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ’ਚ ਐਲਾਨ ਕੀਤਾ ਗਿਆ ਕਿ ਇਕ-ਇਕ ਸੀਟ ਸੀਪੀਐੱਮ ਅਤੇ ਜੰਮੂ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਪੰਜ ਸੀਟਾਂ ’ਤੇ ‘ਦੋਸਤਾਨਾ ਮੁਕਾਬਲਾ’ ਹੋਵੇਗਾ।
ਆਗੂਆਂ ਨੇ ਕਿਹਾ ਕਿ ਹਰੇਕ ਪਾਰਟੀ ਵੱਲੋਂ ਚੋਣ ਲੜਨ ਵਾਲੀਆਂ ਸੀਟਾਂ ਦੀ ਸੂਚੀ ਅਤੇ ਉਮੀਦਵਾਰਾਂ ਦੇ ਨਾਮ ਬਾਅਦ ’ਚ ਜਾਰੀ ਕੀਤੇ ਜਾਣਗੇ। ਫਾਰੂਕ ਅਬਦੁੱਲਾ ਨੇ ਕਿਹਾ ਕਿ ਗੱਠਜੋੜ ਉਨ੍ਹਾਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੈ, ਜੋ ਨਾ ਸਿਰਫ਼ ਸੂਬੇ ਸਗੋਂ ਦੇਸ਼ ਦੇ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੱਠਜੋੜ ਬਾਰੇ ਗੱਲਬਾਤ ਸੁਖਾਵੇਂ ਮਾਹੌਲ ’ਚ ਹੋਈ ਅਤੇ ‘ਇੰਡੀਆ’ ਗੱਠਜੋੜ ਦਾ ਮਕਸਦ ਫਿਰਕੂ ਵੰਡੀਆਂ ਪਾਉਣ ਵਾਲਿਆਂ ਖ਼ਿਲਾਫ਼ ਲੜਨਾ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਦੋਵੇਂ ਪਾਰਟੀਆਂ ਦਾ ਉਦੇਸ਼ ਜੰਮੂ ਕਸ਼ਮੀਰ ਅਤੇ ਦੇਸ਼ ਦੀ ਆਤਮਾ ਬਚਾਉਣਾ ਹੈ। ਕਾਂਗਰਸ ਨਾਲ ਸੀਟਾਂ ਦੀ ਵੰਡ ਸਬੰਧੀ ਸਮਝੌਤਾ ਹੋਣ ਤੋਂ ਬਾਅਦ ਅੱਜ ਨੈਸ਼ਨਲ ਕਾਨਫਰੰਸ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ 18 ਉਮੀਦਵਾਰਾਂ ਦੇ ਨਾਵਾਂ ਵਾਲੀ ਸੂਚੀ ਜਾਰੀ ਕਰ ਦਿੱਤੀ। ਇਹ ਜਾਣਕਾਰੀ ਪਾਰਟੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਰਾਹੀਂ ਦਿੱਤੀ। -ਪੀਟੀਆਈ
ਤਿੰਨ ਸੀਟਾਂ ’ਤੇ ਚੋਣ ਲੜੇਗੀ ਸਿੱਖ ਜਥੇਬੰਦੀ
ਸ੍ਰੀਨਗਰ:
ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ (ਏਪੀਐੱਸਸੀਸੀ) ਨੇ ਅੱਜ ਜੰਮੂ ਕਸ਼ਮੀਰ ਦੀਆਂ ਤਿੰਨ ਸੀਟਾਂ ਤੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਏਪੀਐੱਸਸੀਸੀ ਨੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਤੋਂ ਐੱਸ ਪੁਸ਼ਵਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਸ੍ਰੀਨਗਰ ਦੇ ਕੇਂਦਰੀ ਸ਼ਾਲਟੇਂਗ ਅਤੇ ਬਾਰਾਮੂਲਾ ਤੋਂ ਉਮੀਦਵਾਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਏਪੀਐਸਸੀਸੀ ਦੇ ਪ੍ਰਧਾਨ ਜਗਮੋਹਨ ਸਿੰਘ ਰੈਣਾ ਨੇ ਕਿਹਾ ਕਿ ਕਮੇਟੀ ਆਪਣੇ ਉਮੀਦਵਾਰਾਂ ਦੀ ਸਫਲਤਾ ਲਈ ਬਹੁਗਿਣਤੀ ਭਾਈਚਾਰੇ ਦੇ ਸਮਰਥਨ ’ਤੇ ਨਿਰਭਰ ਹੈ। ਉਨ੍ਹਾਂ ਬਹੁਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਸਿੱਖ ਕੌਮ ਦੇ ਮੈਂਬਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। -ਪੀਟੀਆਈ