ਜੰਮੂ ਕਸ਼ਮੀਰ: ਦੂਜੇ ਗੇੜ ’ਚ 56 ਫ਼ੀਸਦ ਵੋਟਿੰਗ
* ਜੰਮੂ ਵਿਚ ਸੂਰਨਕੋਟ ਤੇ ਕਸ਼ਮੀਰ ਵਾਦੀ ’ਚ ਕੰਗਨ ’ਚ ਸਭ ਤੋਂ ਵੱਧ ਪੋਲਿੰਗ
* ਉਮਰ ਅਤੇ ਕਾਰਾ ਸਣੇ 239 ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ’ਚ ਬੰਦ
ਸ੍ਰੀਨਗਰ, 25 ਸਤੰਬਰ
ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦਾ ਅਮਲ ਅੱਜ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਦੂਜੇ ਗੇੜ ਵਿਚ ਛੇ ਜ਼ਿਲ੍ਹਿਆਂ ’ਚ ਪੈਂਦੀਆਂ 26 ਅਸੈਂਬਲੀ ਸੀਟਾਂ ਲਈ ਸ਼ਾਮ ਸੱਤ ਵਜੇ ਤੱਕ 56 ਫੀਸਦ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਵੋਟਿੰਗ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲਿਆ। ਦੂਜੇ ਗੇੜ ਦੀ ਪੋਲਿੰਗ ਦੌਰਾਨ ਨਵੀਂ ਦਿੱਲੀ ਅਧਾਰਿਤ ਮਿਸ਼ਨਾਂ ਤੋਂ 16 ਵਿਦੇਸ਼ੀ ਡੈਲੀਗੇਟਸ ਵੀ ਅੱਜ ਵਾਦੀ ’ਚ ਮੌਜੂਦ ਸਨ। ਇਨ੍ਹਾਂ ਵਿਦੇਸ਼ੀ ਕੂਟਨੀਤਕਾਂ ਨੂੰ ਵਿਦੇਸ਼ ਮੰਤਰਾਲੇ ਨੇ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਸੀ। ਇਨ੍ਹਾਂ ਵਿਦੇਸ਼ੀ ਡੈਲੀਗੇਟਾਂ ਨੇ ਬੜਗਾਮ ਤੇ ਸ੍ਰੀਨਗਰ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਵੀ ਕੀਤਾ। ਡਿਪਟੀ ਕਮਿਸ਼ਨਰਾਂ ਨੇ ਵਫ਼ਦ ਨੂੰ ਵੋਟਿੰਗ ਦੇ ਅਮਲ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ। 2014 ਵਿੱਚ ਛੇ ਜ਼ਿਲ੍ਹਿਆਂ ’ਚ ਆਉਂਦੇ ਇਨ੍ਹਾਂ ਹਲਕਿਆਂ ਲਈ 60 ਫੀਸਦ ਤੋਂ ਵੱਧ ਵੋਟਿੰਗ ਹੋਈ ਸੀ। ਜੰਮੂ ਡਿਵੀਜ਼ਨ ਵਿਚ ਸੂਰਨਕੋਟ ਸੀਟ ਲਈ ਸਭ ਤੋਂ ਵੱਧ 75.11 ਫੀਸਦ ਵੋਟਾਂ ਪਈਆਂ, ਜਦੋਂ ਕਿ ਪੁਣਛ ਹਵੇਲੀ 74.92 ਫੀਸਦ ਨਾਲ ਦੂਜੇ ਨੰਬਰ ’ਤੇ ਰਿਹਾ। ਕਸ਼ਮੀਰ ਵਾਦੀ ਦੀ ਗੱਲ ਕਰੀਏ ਤਾਂ 15 ਅਸੈਂਬਲੀ ਹਲਕਿਆਂ ਵਿਚੋਂ ਕੰਗਨ ਵਿਚ 71.89 ਫੀਸਦ ਨਾਲ ਸਭ ਤੋਂ ਵੱਧ ਪੋਲਿੰਗ ਹੋਈ। ਇਸੇ ਤਰ੍ਹਾਂ ਖਾਨਸਾਿਹਬ ਤੇ ਚਰਾਰ-ਏ-ਸ਼ਰੀਫ ਵਿਚ ਕ੍ਰਮਵਾਰ 71.66 ਤੇ 67.44 ਫੀਸਦ ਵੋਟਾਂ ਪਈਆਂ। ਹੱਬਾਕਾਦਲ ਹਲਕੇ ਵਿਚ 18.39 ਫੀਸਦ ਸਭ ਤੋਂ ਘੱਟ ਪੋਲਿੰਗ ਰਿਕਾਰਡ ਕੀਤੀ ਗਈ ਹੈ। ਦੂਜੇ ਗੇੜ ਦੀ ਪੋਲਿੰਗ ਮਗਰੋਂ ਨੈਸ਼ਨਲ ਕਾਨਫਰੰਸ ਆਗੂ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਅਹਿਮਦ ਕਾਰਾ, ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ, ਅਪਨੀ ਪਾਰਟੀ ਦੇ ਪ੍ਰਧਾਨ ਅਲਤਾਫ਼ ਬੁਖਾਰੀ ਸਣੇ ਕੁੱਲ 239 ਉਮੀਦਵਾਰਾਂ ਦੀ ਸਿਆਸੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਈ। ਉਮਰ ਅਬੁਦੱਲਾ ਐਤਕੀਂ ਦੋ ਸੀਟਾਂ- ਗੰਦਰਬਲ ਤੇ ਬੜਗਾਮ ਤੋਂ ਚੋਣ ਲੜ ਰਹੇ ਹਨ। ਚੋਣ ਕਮਿਸ਼ਨ ਨੇ ਦੂਜੇ ਗੇੜ ਲਈ ਕੁੱਲ 3502 ਪੋਲਿੰਗ ਸਟੇਸ਼ਨ ਬਣਾਏ ਸਨ। ਇਨ੍ਹਾਂ ਵਿਚੋਂ 1056 ਸ਼ਹਿਰੀ ਤੇ 2446 ਪੇਂਡੂ ਇਲਾਕਿਆਂ ਵਿਚ ਸਨ। ਤੀਜੇ ਤੇ ਆਖਰੀ ਗੇੜ ਤਹਿਤ 40 ਅਸੈਂਬਲੀ ਸੀਟਾਂ ਲਈ ਪੋਲਿੰਗ 1 ਅਕਤੂੁਬਰ ਨੂੰ ਹੋਵੇਗੀ ਜਦੋਂਕਿ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ 8 ਅਕਤੂੁਬਰ ਨੂੰ ਹਰਿਆਣਾ ਅਸੈਂਬਲੀ ਚੋਣਾਂ ਦੇ ਨਾਲ ਹੀ ਹੋਵੇਗਾ। -ਪੀਟੀਆਈ
ਵਿਦੇਸ਼ੀ ਵਫ਼ਦ ਦੇ ਸਰਟੀਫਿਕੇਟ ਦੀ ਲੋੜ ਨਹੀਂ: ਉਮਰ
ਸ੍ਰੀਨਗਰ:
ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲ੍ਹਾ ਨੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਲਈ ਵਿਦੇਸ਼ੀ ਡਿਪਲੋਮੈਟਾਂ ਨੂੰ ਨਿਗਰਾਨ ਵਜੋਂ ਸੱਦਣ ਲਈ ਕੇਂਦਰ ਸਰਕਾਰ ਦੀ ਜਮ ਕੇ ਨੁਕਤਾਚੀਨੀ ਕੀਤੀ ਹੈ। ਉਮਰ ਨੇ ਕਿਹਾ ਕਿ ਚੋਣਾਂ ਭਾਰਤ ਦਾ ਅੰਦਰੂਨੀ ਮਸਲਾ ਹੈ ਤੇ ‘ਸਾਨੂੰ ਉਨ੍ਹਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ।’ ਉਮਰ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਵਿਦੇਸ਼ੀਆਂ ਨੂੰ ਚੋਣਾਂ ਦੀ ਨਿਗਰਾਨੀ ਲਈ ਕਿਉਂ ਕਿਹਾ ਗਿਆ ਹੈ। ਜਦੋਂ ਵਿਦੇਸ਼ੀ ਸਰਕਾਰਾਂ ਕੋਈ ਟਿੱਪਣੀ ਕਰਦੀਆਂ ਹਨ ਤਾਂ ਭਾਰਤ ਸਰਕਾਰ ‘ਇਸ ਨੂੰ ਦੇਸ਼ ਦਾ ਅੰਦਰੂਨੀ ਮਸਲਾ ਦੱਸਦੀ ਹੈ’ ਤੇ ਹੁਣ ਅਚਾਨਕ ਉਹ ਚਾਹੁੰਦੇ ਹਨ ਕਿ ਵਿਦੇਸ਼ੀ ਨਿਗਰਾਨ ਆਉਣ ਤੇ ਸਾਡੀਆਂ ਚੋਣਾਂ ਨੂੰ ਦੇਖਣ।’ ਉਨ੍ਹਾਂ ਕਿਹਾ ਕਿ ਇਹ ‘ਗਾਈਡਿਡ ਟੂਰ’ ਚੰਗੀ ਗੱਲ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਇਨ੍ਹਾਂ ਚੋਣਾਂ ਵਿਚ ਲੋਕਾਂ ਦੀ ਸ਼ਮੂਲੀਅਤ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੀ ਹੈ, ‘ਜੋ ਕਿ ਇਥੋਂ ਦੇ ਲੋਕਾਂ ਨਾਲ ਦਗ਼ਾ ਹੈ।’