ਬਿਜਲੀ-ਪਾਣੀ ਦੀ ਸਪਲਾਈ ਲਈ ਜਾਮ ਲਾਇਆ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਭਾਵੇਂ ਅੰਬਾਲਾ ਵਿਚ ਬਹੁਤ ਥਾਵਾਂ ਤੇ ਪਾਣੀ ਦੀ ਨਿਕਾਸੀ ਹੋ ਚੁੱਕੀ ਹੈ ਪਰੰਤੂ ਅਜੇ ਵੀ ਕੁਝ ਖੇਤਰ ਹਨ ਜਿੱਥੇ ਪਾਣੀ ਜਿਉਂ ਦਾ ਤਿਉਂ ਜਮ੍ਹਾ ਹੈ ਅਤੇ ਬਿਜਲੀ ਤੇ ਪਾਣੀ ਦੀ ਸਪਲਾਈ ਵੀ ਸੁਚਾਰੂ ਨਹੀਂ ਹੋ ਸਕੀ। ਸ਼ਹਿਰ ਦਾ ਦੁਰਗਾ ਨਗਰ ਅਤੇ ਨਸੀਰਪੁਰ ਖੇਤਰ ਵਾਸੀਆਂ ਨੇ ਅੱਜ ਪਾਣੀ ਨਿਕਾਸੀ ਅਤੇ ਬਿਜਲੀ-ਪਾਣੀ ਦੀ ਸਪਲਾਈ ਨੂੰ ਲੈ ਕੇ ਅੰਬਾਲਾ-ਹਿਸਾਰ ਸੜਕ ਜਾਮ ਕਰ ਦਿੱਤੀ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਖੇਤਰ ਵਿਚੋਂ ਪਾਣੀ ਦੀ ਨਿਕਾਸੀ ਜਲਦੀ ਕਰਵਾਈ ਜਾਵੇ ਤਾਂ ਜੋ ਲੋਕ ਫੈਲ ਰਹੀਆਂ ਬਿਮਾਰੀਆਂ ਤੋਂ ਬਚ ਸਕਣ। ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਕੋਈ ਪ੍ਰਸ਼ਾਸਨਿਕ ਜਾਂ ਨਿਗਮ ਅਧਿਕਾਰੀ ਜਾਂ ਕੌਂਸਲਰ ਉਨ੍ਹਾਂ ਦੀ ਸੁੱਧ ਲੈਣ ਲਈ ਨਹੀਂ ਆਇਆ। ਪਿਛਲੇ ਕਈ ਦਨਿਾਂ ਤੋਂ ਬਿਜਲੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਬਿਜਲੀ ਨਾ ਹੋਣ ਕਰਕੇ ਲੋਕਾਂ ਦੇ ਘਰਾਂ ਵਿੱਚ ਪੀਣ ਦਾ ਪਾਣੀ ਵੀ ਨਹੀਂ ਆ ਰਿਹਾ ਅਤੇ ਉਹ ਦੂਰੋਂ ਪਾਣੀ ਲਿਆਉਣ ਲਈ ਮਜਬੂਰ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਭੇਦ-ਭਾਵ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਬਿਜਲੀ ਦੀ ਸਥਿਤੀ ਆਮ ਵਰਗੀ ਹੋਣ ਦਾ ਦਾਅਵਾ ਕਰ ਰਿਹਾ ਹੈ ਪਰ ਉਨ੍ਹਾਂ ਦੇ ਖੇਤਰ ਵਿਚ ਸਥਿਤੀ ਬਿਲਕੁਲ ਅਲੱਗ ਹੈ। ਇਸੇ ਦੌਰਾਨ ਜਾਮ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਨੂੰ ਸਮਝਾਉਣ ਵਿਚ ਜੁੱਟ ਗਈ। ਜਜਪਾ ਦੇ ਸੂੂਬਾਈ ਬੁਲਾਰੇ ਵਿਵੇਕ ਲਲਾਣਾ ਵੀ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਪਾਣੀ ਦੀ ਨਿਕਾਸੀ ਲਈ ਉਹ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ।