ਘੱਗਰ ਦੇ ਸਥਾਈ ਹੱਲ ਲਈ ਸ਼ਾਹਰਾਹ ’ਤੇ ਲਾਇਆ ਜਾਮ
ਗੁਰਨਾਮ ਸਿੰਘ ਚੌਹਾਨ/ਹਰਜੀਤ ਸਿੰਘ
ਪਾਤੜਾਂ/ਖਨੌਰੀ, 12 ਜੁਲਾਈ
ਘੱਗਰ ਦੇ ਸਥਾਈ ਹੱਲ ਲਈ ਪਿੰਡ ਨਵਾਂ ਗਾਉਂ ਅਤੇ ਹੋਤੀਪੁਰ ਦੇ ਕਿਸਾਨਾਂ ਨੇ ਦਿੱਲੀ-ਸੰਗਰੂਰ ਕੌਮੀ ਮਾਰਗ ਨੂੰ ਪਿੰਡ ਜੋਗੇਵਾਲ ਨੇੜੇ ਜਾਮ ਕਰ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਰਪੰਚ ਲਵਜੀਤ ਸਿੰਘ ਬੱਬੀ, ਕੁਲਵੰਤ ਸਿੰਘ ਨਵਾਂਗਾਓਂ, ਜਗਤਾਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਨੇ ਕਿਹਾ ਹੈ ਕਿ ਰਾਜਨੀਤਕ ਲੋਕ ਵੋਟਾਂ ਲੈਣ ਲਈ ਘੱਗਰ ਦਰਿਆ ਦੇ ਸਥਾਈ ਹੱਲ ਦਾ ਦਾਅਵਾ ਕਰਦੇ ਹਨ ਅਤੇ ਵੋਟਾਂ ਹਾਸਲ ਕਰਨ ਤੋਂ ਬਾਅਦ ਲੋਕਾਂ ਦੀ ਸਾਰ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਘੱਗਰ ਦੀ ਮਾਰ ਨਾਲ ਹਰ ਸਾਲ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੇ ਮੁਆਵਜ਼ੇ ਦੀ ਲੋੜ ਨਹੀਂ ਪਰ ਸਰਕਾਰਾਂ ਵੱਲੋਂ ਘੱਗਰ ਦਾ ਸਥਾਈ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਦੀ ਸਰਕਾਰ ਚੁਣੀ ਹੈ ਇਹ ਕਿਸਾਨਾਂ ਘੱਗਰ ਤੋਂ ਬਚਾਵੇ। ਉਨ੍ਹਾਂ ਕਿਹਾ ਕਿ ਘੱਗਰ ਦੀ ਤਬਾਹੀ ਕਿਸਾਨਾਂ ਸਣੇ ਹੋਰ ਲੋਕਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਕਰਦੀ ਹੈ, ਇਸ ਦਾ ਖ਼ਮਿਆਜ਼ਾ ਵੱਡੀ ਗਿਣਤੀ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਰੋਸ ਧਰਨੇ ਦੌਰਾਨ ਪੁਲੀਸ ਥਾਣਾ ਸਤਰਾਣਾ ਦੇ ਐਸਐਚਓ ਨੇ ਮੌਕੇ ’ਤੇ ਪੁੱਜ ਕੇ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਦੀ ਮੰਗ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ ਅਤੇ ਆਵਾਜਾਈ ਬਹਾਲ ਹੋਈ।