ਬਿਜਲੀ ਕੱਟਾਂ ਤੋਂ ਭੜਕੇ ਲੋਕਾਂ ਵੱਲੋਂ ਚੱਕਾ ਜਾਮ
ਹਤਿੰਦਰ ਮਹਿਤਾ
ਜਲੰਧਰ, 28 ਜੁਲਾਈ
ਇੱਥੇ ਕਈ ਖੇਤਰਾਂ ਵਿੱਚ ਅਣ-ਅਧਾਰਿਤ ਬਿਜਲੀ ਕੱਟ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਹੋਏ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਥਾਨਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਕਰਨ ਅਤੇ 1912 ਹੈਲਪਲਾਈਨ ’ਤੇ ਕਾਲ ਕਰਨ ਦੇ ਬਾਵਜੂਦ ਬਿਜਲੀ ਸਪਲਾਈ ਦੇ ਮਸਲੇ ਹੱਲ ਨਹੀਂ ਹੁੰਦੇ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਢੁੱਕਵਾਂ ਜਵਾਬ ਮਿਲਦਾ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਬਸਤੀ ਗੁਜਾਂ, ਪੱਕਾ ਬਾਗ, ਹਰ ਗੋਬਿੰਦ ਨਗਰ, ਪ੍ਰਤਾਪਪੁਰਾ, ਅਤੇ ਜੋਤੀ ਚੌਕ ਨੇੜੇ ਦੇ ਇਲਾਕੇ ਸ਼ਾਮਲ ਹਨ। ਲੋਕਾਂ ਨੇ ਦੱਸਿਆ ਕਿ ਕੜਾਕੇ ਦੀ ਗਰਮੀ ਵਿੱਚ 10 ਘੰਟਿਆਂ ਤੋਂ ਵੱਧ ਬਿਜਲੀ ਕੱਟਾਂ, ਰੋਜ਼ਾਨਾ ਦੇ ਕੰਮਾਂ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪਾ ਰਹੇ ਹਨ। ਸ਼ਨਿੱਚਰਵਾਰ ਨੂੰ ਕਰੀਬ 20 ਘੰਟੇ ਬਿਜਲੀ ਠੱਪ ਹੋਣ ਦੇ ਰੋਸ ਵਜੋਂ ਜੋਤੀ ਚੌਕ ਨੇੜੇ ਵੱਖ-ਵੱਖ ਮੁਹੱਲਿਆਂ ਦੇ ਵਾਸੀਆਂ ਨੇ ਰਾਤ ਪੀਐੱਸਪੀਸੀਐੱਲ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਸੜਕ ’ਤੇ ਜਾਮ ਲਾ ਦਿੱਤਾ। ਸਾਬਕਾ ਕੌਂਸਲਰ ਸ਼ੈਰੀ ਚੱਢਾ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਨੇ ਵਿਭਾਗ ’ਤੇ ਭਰੋਸਾ ਦਾ ਝੂਠਾ ਵਾਅਦਾ ਕਰਨ ਦੇ ਦੋਸ਼ ਲਾਏ। ਜਾਮ ਲੱਗਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 4 ਦੇ ਮੁਖੀ ਹਰਦੇਵ ਸਿੰਘ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਮੌਕੇ ’ਤੇ ਪੁੱਜੇ। ਉਨ੍ਹਾਂ ਵਸਨੀਕਾਂ ਅਤੇ ਪੀਐੱਸਪੀਸੀਐੱਲ ਅਧਿਕਾਰੀਆਂ ਵਿਚਕਾਰ ਗੱਲਬਾਤ ਦਾ ਪ੍ਰਬੰਧ ਕੀਤਾ, ਜਿਨ੍ਹਾਂ ਨੇ ਜਲਦੀ ਬਿਜਲੀ ਬਹਾਲ ਕਰਨ ਦਾ ਵਾਅਦਾ ਕੀਤਾ।
ਅਜਿਹਾ ਹੀ ਵਿਰੋਧ ਪ੍ਰਦਰਸ਼ਨ ਪ੍ਰਤਾਪਪੁਰਾ ਵਿੱਚ ਵੀ ਹੋਇਆ, ਜਿੱਥੇ ਸ਼ਾਮ ਨੂੰ ਲੋਕਾਂ ਨੇ ਜਲੰਧਰ-ਨਕੋਦਰ ਹਾਈਵੇਅ ਨੂੰ ਘੰਟੇ ਲਈ ਜਾਮ ਕਰ ਦਿੱਤਾ। ਇੱਥੇ ਪੰਜ ਕਿਲੋਮੀਟਰ ਤੱਕ ਟਰੈਫਿਕ ਜਾਮ ਲੱਗ ਗਿਆ। ਪ੍ਰਤਾਪਪੁਰਾ ਵਿੱਚ ਟਰਾਂਸਫਾਰਮਰ ਖਰਾਬ ਹੋਣ ਕਾਰਨ ਅੱਠ ਘੰਟੇ ਤੋਂ ਵੱਧ ਸਮੇਂ ਤੋਂ ਬਿਜਲੀ ਦੇ ਕੱਟ ਲੱਗੇ ਹੋਏ ਹਨ। ਇਸ ਕਾਰਨ ਲੋਕ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਏ। ਪੱਕਾ ਬਾਗ ਵਿੱਚ ਲੋਕਾਂ ਨੂੰ ਸਵੇਰੇ 10 ਵਜੇ ਤੋਂ ਰਾਤ ਤੱਕ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਬਸਤੀ ਗੁਜ਼ਾਂ ਵਿੱਚ 18 ਘੰਟੇ ਬਿਜਲੀ ਬੰਦ ਰਹੀ। ਮਾਡਲ ਹਾਊਸ ਖੇਤਰ ਨੂੰ ਵੀ ਰੁਕ-ਰੁਕ ਕੇ ਬਿਜਲੀ ਸਪਲਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਲੋਕ ਸੜਕਾਂ ’ਤੇ ਆਏ।
ਇਸ ਦੌਰਾਨ, ਪੀਐੱਸਪੀਸੀਐੱਲ ਦੇ ਅਧਿਕਾਰੀ ਮੁਰੰਮਤ ਦੇ ਕੰਮ ਵਿੱਚ ਦੇਰੀ ਦਾ ਕਾਰਨ ਲਾਈਨਮੈਨਾਂ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਟਰਾਂਸਫਾਰਮਰਾਂ ਅਤੇ ਫੀਡਰਾਂ ਵਿੱਚ ਮੀਂਹ ਨਾਲ ਸਬੰਧਤ ਨੁਕਸ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਿਕਾਇਤ ਮਿਲਣ ’ਤੇ ਮੁਰੰਮਤ ਲਈ ਤੁਰੰਤ ਸਟਾਫ਼ ਲਗਾਇਆ ਜਾਂਦਾ ਹੈ।