For the best experience, open
https://m.punjabitribuneonline.com
on your mobile browser.
Advertisement

ਜਲੇਬੀਆਂ ਵਾਲੇ ਪੈਸੇ

12:12 PM Apr 06, 2024 IST
ਜਲੇਬੀਆਂ ਵਾਲੇ ਪੈਸੇ
Advertisement

ਪ੍ਰਿੰਸੀਪਲ ਵਿਜੈ ਕੁਮਾਰ

ਸਵੇਰ ਦੀ ਪ੍ਰਾਰਥਨਾ ਸਭਾ ਖ਼ਤਮ ਹੋਣ ਤੋਂ ਬਾਅਦ ਸਰੀਰਕ ਸਿੱਖਿਆ ਅਧਿਆਪਕ ਨੇ ਸਕੂਲ ਦੇ ਬੱਚਿਆਂ ਨੂੰ ਬੈਠਣ ਲਈ ਕਿਹਾ। ਸਕੂਲ ਦੇ ਪ੍ਰਿੰਸੀਪਲ ਬੱਚਿਆਂ ਦੇ ਸਾਹਮਣੇ ਆ ਕੇ ਖੜ੍ਹੇ ਹੋ ਗਏ। ਨਾ ਸਕੂਲ ਦੇ ਬੱਚਿਆਂ ਨੂੰ ਪਤਾ ਸੀ ਕਿ ਪ੍ਰਿੰਸੀਪਲ ਸਾਹਿਬ ਕੀ ਬੋਲਣ ਵਾਲੇ ਹਨ ਤੇ ਨਾ ਹੀ ਅਧਿਆਪਕਾਂ ਨੂੰ।
ਪ੍ਰਿੰਸੀਪਲ ਸਾਹਿਬ ਨੇ ਅੱਠਵੀਂ ਜਮਾਤ ਦੇ ਬੱਚੇ ਨਿਰਵੈਰ ਨੂੰ ਬੱਚਿਆਂ ਦੇ ਸਾਹਮਣੇ ਆ ਕੇ ਖੜ੍ਹੇ ਹੋਣ ਲਈ ਕਿਹਾ। ਨਿਰਵੈਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਪ੍ਰਿੰਸੀਪਲ ਸਾਹਿਬ ਉਸ ਨੂੰ ਕਿਉਂ ਬੁਲਾ ਰਹੇ ਹਨ। ਉਹ ਡਰ ਗਿਆ। ਉਹ ਅਣਜਾਣ ਜਿਹਾ ਬਣ ਕੇ ਆਪਣੇ ਆਪ ਨੂੰ ਇੰਜ ਵਿਖਾਉਣ ਲੱਗਾ ਕਿ ਜਿਵੇਂ ਉਸ ਨੂੰ ਕੁਝ ਨਹੀਂ ਸੁਣਿਆ। ਉਹ ਖੜ੍ਹਾ ਹੀ ਨਹੀਂ ਹੋਇਆ। ਨਿਰਵੈਰ ਦਾ ਨਾਂ ਸੁਣ ਕੇ ਬੱਚੇ ਅਤੇ ਅਧਿਆਪਕ ਆਪਣੇ ਮਨਾਂ ’ਚ ਉਸ ਨੂੰ ਬੁਲਾਉਣ ਦੇ ਕਾਰਨ ਬਾਰੇ ਸੋਚ ਰਹੇ ਸਨ। ਉਸ ਦੀ ਜਮਾਤ ਦਾ ਇੰਚਾਰਜ ਅਧਿਆਪਕ ਤਾਂ ਹੋਰ ਵੀ ਜ਼ਿਆਦਾ ਹੈਰਾਨ ਸੀ।
ਨਿਰਵੈਰ ਨੂੰ ਬੱਚਿਆਂ ਦੇ ਸਾਹਮਣੇ ਨਾ ਆਉਂਦਾ ਵੇਖ ਪ੍ਰਿੰਸੀਪਲ ਸਾਹਿਬ ਬੋਲੇ, ‘ਕੀ ਨਿਰਵੈਰ ਅੱਜ ਸਕੂਲ ਨਹੀਂ ਆਇਆ?’ ਨਿਰਵੈਰ ਦਾ ਨਾਂ ਮੁੜ ਬੋਲੇ ਜਾਣ ’ਤੇ ਉਹ ਹੋਰ ਵੀ ਹੈਰਾਨ ਹੋ ਗਿਆ। ਉਸ ਨੂੰ ਖ਼ਿਆਲ ਆਇਆ ਕਿ ਹੁਣ ਤਾਂ ਉਸ ਨੇ ਕੋਈ ਸ਼ਰਾਰਤ ਵੀ ਨਹੀਂ ਕੀਤੀ ਪਰ ਅਚਾਨਕ ਉਸ ਦੇ ਮਨ ਦੇ ਇੱਕ ਕੋਨੇ ਵਿੱਚੋਂ ਆਵਾਜ਼ ਆਈ ਕਿ ਕੁਝ ਦਿਨ ਪਹਿਲਾਂ ਕਿਸੇ ਬੱਚੇ ਨੇ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ ਸੀ। ਸ਼ੀਸ਼ਾ ਤੋੜਨ ਵਾਲੇ ਬੱਚੇ ਦਾ ਪਤਾ ਨਹੀਂ ਲੱਗਿਆ ਸੀ। ਹੋ ਸਕਦਾ ਹੈ ਕਿ ਉਸ ਦੀ ਜਮਾਤ ਦੇ ਕਿਸੇ ਬੱਚੇ ਨੇ ਉਸ ਦਾ ਨਾਂ ਲੈ ਦਿੱਤਾ ਹੋਵੇ। ਉਹ ਇਸ ਲਈ ਵੀ ਜ਼ਿਆਦਾ ਡਰ ਗਿਆ ਸੀ ਕਿਉਂਕਿ ਪ੍ਰਿੰਸੀਪਲ ਬਹੁਤ ਸਖ਼ਤ ਸਨ। ਉਹ ਤਾਂ ਬੱਚੇ ਨੂੰ ਸਕੂਲ ਤੋਂ ਕੱਢਣ ਲੱਗਿਆਂ ਜ਼ਰਾ ਦੇਰ ਨਹੀਂ ਲਗਾਉਂਦੇ।
ਉਹ ਅੱਗੇ ਜਾਣ ਲਈ ਅਜੇ ਖੜ੍ਹਾ ਹੋਣ ਹੀ ਲੱਗਿਆ ਸੀ ਕਿ ਉਸ ਦੇ ਜਮਾਤ ਇੰਚਾਰਜ ਅਧਿਆਪਕ ਨੇ ਉਸ ਕੋਲ ਆ ਕੇ ਕਿਹਾ, ‘ਨਿਰਵੈਰ! ਤੈਨੂੰ ਪ੍ਰਿੰਸੀਪਲ ਸਾਹਿਬ ਅੱਗੇ ਬੁਲਾ ਰਹੇ ਹਨ।’
ਉਹ ਉੱਠ ਕੇ ਪ੍ਰਿੰਸੀਪਲ ਕੋਲ ਜਾਣ ਲਈ ਤੁਰ ਤਾਂ ਪਿਆ ਪਰ ਉਸ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਉਸ ਦੀਆਂ ਲੱਤਾਂ ਕੰਬ ਰਹੀਆਂ ਸਨ। ਉਸ ਦੇ ਡਰ ਨੂੰ ਵੇਖ ਕੇ ਇੱਕ ਅਧਿਆਪਕਾ ਉਸ ਨੂੰ ਬੜੇ ਪਿਆਰ ਨਾਲ ਅੱਗੇ ਲੈ ਗਈ। ਉਸ ਦੇ ਅੱਗੇ ਪਹੁੰਚਦਿਆਂ ਹੀ ਪ੍ਰਿੰਸੀਪਲ ਸਾਹਿਬ ਨੇ ਉਸ ਦੀ ਪਿੱਠ ਥਾਪੜਦਿਆਂ ਕਿਹਾ, ‘ਤੇਰਾ ਨਾਂ ਨਿਰਵੈਰ ਹੈ?’ ਉਹ ਡਰਦਾ ਡਰਦਾ ਬੋਲਿਆ, ‘ਜੀ ਸਰ।’ ਪ੍ਰਿੰਸੀਪਲ ਸਾਹਿਬ ਫਿਰ ਬੋਲੇ, ‘ਤੂੰ ਡਰਦਾ ਕਿਉਂ ਹੈ? ਤੂੰ ਤਾਂ ਬਹੁਤ ਚੰਗਾ ਬੱਚਾ ਹੈ।’ ਪ੍ਰਿੰਸੀਪਲ ਦੇ ਬੋਲ ਸੁਣ ਕੇ ਨਿਰਵੈਰ ਦੀ ਜਾਨ ਵਿੱਚ ਜਾਨ ਆਈ।
ਪ੍ਰਿੰਸੀਪਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਬੱਚਿਓ! ਕੱਲ੍ਹ ਇਹ ਬੱਚਾ ਹਲਵਾਈ ਦੀ ਦੁਕਾਨ ’ਤੇ ਜਲੇਬੀਆਂ ਲੈਣ ਗਿਆ ਸੀ। ਦੁਕਾਨਦਾਰ ਇਸ ਤੋਂ ਜਲੇਬੀਆਂ ਦੇ ਪੈਸੇ ਲੈਣੇ ਭੁੱਲ ਗਿਆ ਸੀ। ਪਹਿਲਾਂ ਤਾਂ ਇਹ ਜਲੇਬੀਆਂ ਲੈ ਕੇ ਚਲਾ ਗਿਆ ਪਰ ਪੰਦਰਾਂ ਕੁ ਮਿੰਟ ਬਾਅਦ ਇਹ ਹਲਵਾਈ ਨੂੰ ਆ ਕੇ ਕਹਿਣ ਲੱਗਾ, ‘ਅੰਕਲ! ਤੁਸੀਂ ਜਲੇਬੀਆਂ ਦੇ ਪੈਸੇ ਲੈਣਾ ਭੁੱਲ ਗਏ ਸੀ, ਆਹ ਜਲੇਬੀਆਂ ਦੇ ਪੈਸੇ ਲੈ ਲਓ।’
‘ਹਲਵਾਈ ਨੇ ਇਸ ਦੀ ਇਮਾਨਦਾਰੀ ਦੀ ਤਾਰੀਫ਼ ਕਰਦਿਆਂ ਇਸ ਦੇ ਸਕੂਲ ਦਾ ਅਤੇ ਇਸ ਦੇ ਪਾਪਾ ਦਾ ਨਾਂ ਪੁੱਛਿਆ। ਮੈਂ ਵੀ ਉਸੇ ਦੁਕਾਨ ’ਤੇ ਖੜ੍ਹਾ ਮਠਿਆਈ ਖ਼ਰੀਦ ਰਿਹਾ ਸੀ ਪਰ ਮੈਂ ਇਸ ਦੀ ਨਜ਼ਰ ਨਹੀਂ ਪਿਆ। ਇਸ ਦੀ ਇਮਾਨਦਾਰੀ ਬਾਰੇ ਸੁਣ ਕੇ ਮੈਂ ਖ਼ੁਸ਼ ਤਾਂ ਬਹੁਤ ਹੋਇਆ ਪਰ
ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਇਹ ਪਹਿਲਾਂ ਹਲਵਾਈ ਨੂੰ ਪੈਸੇ ਦੇਣ ਤੋਂ ਬਿਨਾਂ ਕਿਉਂ ਚਲਾ ਗਿਆ ਤੇ ਬਾਅਦ ਵਿੱਚ ਪੈਸੇ ਦੇਣ ਕਿਉਂ ਮੁੜ ਆਇਆ?’
ਪ੍ਰਿੰਸੀਪਲ ਤੋਂ ਆਪਣੀ ਪ੍ਰਸ਼ੰਸਾ ਸੁਣ ਕੇ ਨਿਰਵੈਰ ਦਾ ਡਰ ਦੂਰ ਹੋ ਗਿਆ ਤੇ ਉਸ ਨੂੰ ਸੱਚ ਬੋਲਣ ਦੀ ਪ੍ਰੇਰਨਾ ਮਿਲ ਗਈ। ਉਸ ਨੇ ਪ੍ਰਿੰਸੀਪਲ ਦੇ ਪ੍ਰਸ਼ਨ ਦਾ ਜਵਾਬ ਦਿੰਦਿਆਂ ਕਿਹਾ, ‘ਸਰ! ਪਹਿਲਾਂ ਮੈਂ ਆਪਣੇ ਮਨ ਵਿੱਚ ਇਹ ਸੋਚ ਕੇ ਦੁਕਾਨ ਤੋਂ ਆ ਗਿਆ ਸੀ ਕਿ ਮੈਂ ਜਲੇਬੀਆਂ ਵਾਲੇ ਬਚੇ ਪੈਸੇ ਆਪਣੇ ਜੇਬ ਖ਼ਰਚ ਲਈ ਰੱਖ ਲਵਾਂਗਾ ਪਰ ਰਾਹ ਵਿੱਚ ਮੈਨੂੰ ਤੁਹਾਡੀ ਪ੍ਰਾਰਥਨਾ ਸਭਾ ਵਿੱਚ ਬੇਈਮਾਨੀ ਅਤੇ ਇਮਾਨਦਾਰੀ ਬਾਰੇ ਦਿੱਤੀ ਹੋਈ ਨਸੀਹਤ ਯਾਦ ਆ ਗਈ। ਤੁਹਾਡੀ ਨਸੀਹਤ ਨੇ ਮੈਨੂੰ ਬੇਈਮਾਨ ਨਹੀਂ ਇਮਾਨਦਾਰ ਬਣਨ ਦੀ ਪ੍ਰੇਰਨਾ ਦਿੱਤੀ। ਮੈਂ ਉਹ ਪ੍ਰੇਰਨਾ ਦਾ ਸਬਕ ਲੈ ਕੇ ਹੀ ਮੁੜ ਆਇਆ।’
ਪ੍ਰਿੰਸੀਪਲ ਨੇ ਨਿਰਵੈਰ ਦੀ ਇਮਾਨਦਾਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਇਨਾਮ ਵਜੋਂ ਦਿੰਦਿਆਂ ਕਿਹਾ, ‘ਬੱਚੇ ਸ਼ਾਬਾਸ਼! ਤੂੰ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰੇਂਗਾ। ਦੂਜੇ ਬੱਚਿਆਂ ਨੂੰ ਵੀ ਅਜਿਹੀਆਂ ਨਸੀਹਤ ਵਾਲੀਆਂ ਗੱਲਾਂ ਸੁਣ ਕੇ ਉਨ੍ਹਾਂ ’ਤੇ ਅਮਲ ਕਰਨਾ ਚਾਹੀਦਾ ਹੈ।’ ਨਿਰਵੈਰ ਦੀ ਇਮਾਨਦਾਰੀ ਬਾਰੇ ਸੁਣ ਕੇ ਸਾਰੇ ਅਧਿਆਪਕਾਂ ਅਤੇ ਬੱਚਿਆਂ ਨੇ ਤਾੜੀਆਂ ਮਾਰੀਆਂ।

Advertisement

ਸੰਪਰਕ: 98726-27136

Advertisement
Author Image

sukhwinder singh

View all posts

Advertisement
Advertisement
×