ਜਲੰਧਰ ਦੀ ਰੇਚਲ ਮਿਸ ਗ੍ਰੈਂਡ ਇੰਟਰਨੈਸ਼ਨਲ ਬਣੀ
ਹਤਿੰਦਰ ਮਹਿਤਾ
ਜਲੰਧਰ, 26 ਅਕਤੂਬਰ
ਜਲੰਧਰ ਦੇ ਅਰਬਨ ਅਸਟੇਟ ਦੀ 20 ਸਾਲਾ ਰੇਚਲ ਗੁਪਤਾ ਨੂੰ ਮਿਸ ਗ੍ਰੈਂਡ ਇੰਟਰਨੈਸ਼ਨਲ (ਐੱਮਜੀਆਈ) 2024 ਦਾ ਤਾਜ ਪਹਿਨਾਇਆ ਗਿਆ ਹੈ। ਇਹ ਸਮਾਗਮ 25 ਅਕਤੂਬਰ ਨੂੰ ਥਾਈਲੈਂਡ ਦੇ ਬੈਂਕਾਕ ਵਿੱਚ ਐੱਮਜੀਆਈ ਹੈੱਡਕੁਆਰਟਰ ਵਿੱਚ ਹੋਇਆ। ਰੇਚਲ ਦੀ ਜਿੱਤ ਇਤਿਹਾਸਕ ਪਲ ਹੈ ਕਿਉਂਕਿ ਉਹ ਗੋਲਡਨ ਤਾਜ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਹੈ। ਮਿਸ ਗ੍ਰੈਂਡ ਇੰਟਰਨੈਸ਼ਨਲ ਨੂੰ ਵਿਸ਼ਵ ਦੇ ਪ੍ਰਮੁੱਖ ਸੁੰਦਰਤਾ ਮੁਕਾਬਲਿਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਵਿਸ਼ਵ ਪੱਧਰ ਪੰਜਾਹ ਲੱਖ ਤੋਂ ਵੱਧ ਫਾਲੋਅਰਜ਼ ਹਨ। ਵਿਸ਼ਵ 2022 ਦੀ ਸਾਬਕਾ ਮਿਸ ਸੁਪਰ ਟੇਲੈਂਟ ਰੇਚਲ ਨੇ ਜੈਪੁਰ ਦੇ ਜ਼ੀ ਸਟੂਡੀਓਜ਼ ਵਿੱਚ ਅਗਸਤ, 2024 ਵਿੱਚ ਕਰਵਾਏ ਰਾਸ਼ਟਰੀ ਮੁਕਾਬਲੇ ਵਿੱਚ ਮਿਸ ਗ੍ਰੈਂਡ ਇੰਡੀਆ ਦਾ ਖਿਤਾਬ ਜਿੱਤ ਕੇ ਕੌਮਾਂਤਰੀ ਮੰਚ ’ਤੇ ਆਪਣਾ ਸਥਾਨ ਸੁਰੱਖਿਅਤ ਕੀਤਾ ਸੀ। 70 ਤੋਂ ਵੱਧ ਦੇਸ਼ਾਂ ਦੇ ਭਾਗੀਦਾਰਾਂ ਖ਼ਿਲਾਫ਼ ਮੁਕਾਬਲਾ ਕਰਦਿਆਂ ਰੇਚਲ ਨੇ ਪੂਰੇ ਮੁਕਾਬਲੇ ਦੌਰਾਨ ਸਿਖਰਲੇ ਦਾਅਵੇਦਾਰਾਂ ਵਿੱਚੋਂ ਇੱਕ ਰਹੀ। ਉਸ ਨੇ ਗ੍ਰੈਂਡ ਪੇਜੈਂਟਸ ਚੁਆਇਸ ਐਵਾਰਡ 2024 ਵੀ ਜਿੱਤਿਆ। ਇੰਸਟਾਗ੍ਰਾਮ ’ਤੇ ਦਸ ਲੱਖ ਤੋਂ ਵੱਧ ਫਾਲੋਅਰਜ਼ ਨਾਲ ਰੇਚਲ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਹੁਣ ਉਹ ਵਿਸ਼ਵ ਭਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦਿਆਂ ਐੱਮਜੀਆਈ ਲਈ ਗਲੋਬਲ ਅੰਬੈਸਡਰ ਵਜੋਂ ਕੰਮ ਕਰੇਗੀ।
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰੇਚਲ ਦੇ ਪਰਿਵਾਰਕ ਮੈਂਬਰ ਤੇਜਸਵੀ ਮਿਨਹਾਸ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਰੇਚਲ ਦੀ ਜਿੱਤ ਨੇ ਸ਼ਹਿਰ ਅਤੇ ਦੇਸ਼ ਦੋਵਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਰੇਚਲ ਦੀ ਘਰ ਵਾਪਸੀ ’ਤੇ ਸਾਲ ਦੇ ਅਖ਼ਰੀ ਵਿੱਚ ਜਲੰਧਰ ’ਚ ਜਸ਼ਨ ਮਨਾਇਆ ਜਾਵੇਗਾ।