ਜਲੰਧਰ ਦੇ ਪਟੇਲ ਹਸਪਤਾਲ ਦੀ ਲੈਬ ਸ਼ੱਕ ਦੇ ਘੇਰੇ ’ਚ
ਜਲੰਧਰ (ਪਾਲ ਸਿੰਘ ਨੌਲੀ): ਇੱਥੋਂ ਦੇ ਪਟੇਲ ਹਸਪਤਾਲ ਦੀਆਂ ਕੋਵਿਡ-19 ਦੀਆਂ ਰਿਪੋਰਟਾਂ ਸ਼ੱਕ ਦੇ ਘੇਰੇ ਵਿੱਚ ਆ ਗਈਆਂ ਹਨ। ਸਿਹਤ ਵਿਭਾਗ ਪੰਜਾਬ ਦੀ ਵਿਸ਼ੇਸ਼ ਸਕੱਤਰ ਈਸ਼ਾ ਕਾਲੀਆ ਨੇ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਕਿਹਾ ਕਿ ਪਟੇਲ ਹਸਪਤਾਲ ਜਲੰਧਰ ਦੀ ਜਾਂਚ ਕੀਤੀ ਜਾਵੇ ਕਿਉਂਕਿ ਪਟੇਲ ਹਸਪਤਾਲ ’ਚ ਕੀਤੇ ਗਏ ਟੈਸਟਾਂ ਦੇ ਨਤੀਜੇ ਬਾਕੀ ਲੈਬਾਂ ਦੇ ਮੁਕਾਬਲੇ ਜ਼ਿਆਦਾ ਪਾਜ਼ੇਟਿਵ ਆ ਰਹੇ ਹਨ। ਵਿਸ਼ੇਸ਼ ਸਕੱਤਰ ਈਸ਼ਾ ਕਾਲੀਆ ਨੇ ਪੀਜੀਆਈ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਪਟੇਲ ਹਸਪਤਾਲ ਜਲੰਧਰ ਵੱਲੋਂ ਕੋਵਿਡ-19 ਦੇ ਕੀਤੇ ਜਾ ਰਹੇ ਟੈਸਟਾਂ ’ਚ ਪਾਜ਼ੇਟਿਵ ਕੇਸ ਜ਼ਿਆਦਾ ਕੱਢੇ ਜਾ ਰਹੇ ਹਨ। ਇਸ ਦੀ ਲੈਬ ’ਚੋਂ ਸੈਂਪਲ ਮੰਗਵਾ ਕੇ ਆਡਿਟ ਕੀਤਾ ਜਾਵੇ। ਪੀਜੀਆਈ ਨੇ ਸੈਂਪਲਾਂ ਦੀ ਜਾਂਚ ਲਈ ਡਾਕਟਰ ਮਿੰਨੀ ਦੀ ਡਿਊਟੀ ਲਗਾਈ ਹੈ। ਊਧਰ, ਪਟੇਲ ਹਸਪਤਾਲ ਮੁਤਾਬਕ 26.34 ਫੀਸਦੀ ਦੀ ਟੈਸਟ ਪਾਜ਼ੀਟਿਵਟੀ ਦਰ ਬਾਰੇ ਦਿੱਤੀ ਗਈ ਜਾਣਕਾਰੀ ਗਲਤ ਹੈ।
ਫਗਵਾੜਾ ’ਚ ਐੱਸਐੱਚਓ ਸਮੇਤ ਅੱਠ ਪਾਜ਼ੇਟਿਵ ਕੇਸ
ਫਗਵਾੜਾ (ਜਸਬੀਰ ਸਿੰਘ ਚਾਨਾ): ਸ਼ਹਿਰ ’ਚ ਥਾਣਾ ਸਿਟੀ ਦੇ ਐੱਸ.ਐੱਚ.ਓ. ਸਮੇਤ ਅੱਠ ਮੁਲਾਜ਼ਮ ਕਰੋਨਾ ਪਾਜ਼ੇਟਿਵ ਆਏ ਸਨ। ਇਸ ਦੀ ਪੁਸ਼ਟੀ ਐਸ.ਐਮ.ਓ ਡਾ. ਕਮਲ ਕਿਸ਼ੋਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਮੁਹੱਲਾ ਮਾਨਵ ਨਗਰ ਦਾ 41 ਸਾਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ 54 ਸਾਲਾ, ਪਲਾਹੀ ਗੇਟ ਦੀ 53 ਸਾਲਾ ਮਹਿਲਾ (ਜੋ ਮਹਿਲਾ ਐੱਸ.ਐੱਚ.ਓ. ਦੀ ਸੱਸ), ਪਿੰਡ ਨਰੂੜ ਦਾ 41 ਸਾਲਾ ਵਿਅਕਤੀ, ਮਨਸਾ ਦੇਵੀ ਨਗਰ ਦਾ 22 ਸਾਲਾ ਅਤੇ ਭਗਤਪੁਰਾ ਗਲੀ ਨੰਬਰ 4 ਦਾ 23 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ।