ਜਲੰਧਰ ਪੱਛਮੀ ਚੋਣ: ‘ਆਪ’ ਦੇ ਮਹਿੰਦਰ ਭਗਤ ਦੀ ਵੱਡੀ ਜਿੱਤ
ਪਾਲ ਸਿੰਘ ਨੌਲੀ
ਜਲੰਧਰ, 13 ਜੁਲਾਈ
ਜਲੰਧਰ ਪੱਛਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ 10 ਜੁਲਾਈ ਨੂੰ ਹੋਈ ਜ਼ਿਮਨੀ ਚੋਣ ਵਿੱਚ ਹੁਕਮਰਾਨ ਧਿਰ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੇ ਬਾਜ਼ੀ ਮਾਰਦਿਆਂ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 37325 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਮਹਿੰਦਰ ਭਗਤ ਨੂੰ ਕੁਲ 55246 ਵੋਟਾਂ ਪਈਆਂ ਜਦਕਿ ਸ਼ੀਤਲ ਅੰਗੁਰਾਲ ਸਿਰਫ਼ 17921 ਵੋਟਾਂ ਹੀ ਹਾਸਲ ਕਰ ਸਕੇ। ਸ਼ੀਤਲ ਅੰਗੁਰਾਲ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਇਸੇ ਹਲਕੇ ਤੋਂ ‘ਆਪ’ ਦੀ ਟਿਕਟ ’ਤੇ ਚੋਣ ਜਿੱਤੇ ਸਨ ਪਰ ਉਨ੍ਹਾਂ ਐਤਕੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕੀ ਤੋਂ ਅਸਤੀਫ਼ਾ ਦਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ ਸੀ।
‘ਆਪ’ ਉਮੀਦਵਾਰ ਮਹਿੰਦਰ ਭਗਤ ਨੇ ਪਹਿਲੇ ਗੇੜ ਵਿੱਚ ਹੀ ਆਪਣੇ ਵਿਰੋਧੀਆਂ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਆਖਰੀ 13ਵੇਂ ਗੇੜ ਤੱਕ ਲੀਡ ਨਹੀਂ ਟੁੱਟੀ। ਕਾਂਗਰਸ ਪਾਰਟੀ, ਜਿਸ ਨੇ ਹੁਣੇ ਜਿਹੇ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਜਿੱਤ ਹਾਸਲ ਕੀਤੀ ਸੀ, ਦੀ ਉਮੀਦਵਾਰ ਸੁਰਿੰਦਰ ਕੌਰ ਖਿਸਕ ਕੇ ਤੀਜੇ ਸਥਾਨ ’ਤੇ ਪਹੁੰਚ ਗਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਨੂੰ 16757, ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤ ਕੌਰ ਨੂੰ 1242, ਬਹੁਜਨ ਸਮਾਜ ਪਾਰਟੀ ਦੇ ਬਿੰਦਰ ਕੁਮਾਰ ਲਾਖਾ ਨੂੰ 734 ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਬਜੀਤ ਸਿੰਘ ਖਾਲਸਾ ਨੂੰ 662 ਵੋਟਾਂ ਮਿਲੀਆਂ। ਚੋਣ ਮੈਦਾਨ ’ਚ ਆਜ਼ਾਦ ਉਮੀਦਵਾਰ ਵਜੋਂ ਨਿੱਤਰੇ ਅਜੇ ਕੁਮਾਰ ਭਗਤ ਨੂੰ 346, ਅਜੇ ਪਾਲ ਵਾਲਮੀਕਿ ਨੂੰ 62, ਆਰਤੀ ਨੂੰ 43, ਇੰਦਰਜੀਤ ਸਿੰਘ ਨੂੰ 139, ਦੀਪਕ ਭਗਤ ਨੂੰ 94, ਨੀਟੂ ਸ਼ਟਰਾਂ ਵਾਲਾ ਨੂੰ 236, ਰਾਜ ਕੁਮਾਰ ਸਾਕੀ ਨੂੰ 113, ਵਰੁਨ ਕਲੇਰ ਵਰੀ ਨੂੰ 192 ਅਤੇ ਵਿਸ਼ਾਲ ਨੂੰ 135 ਵੋਟਾਂ ਹਾਸਲ ਹੋਈਆਂ। ਇਸੇ ਤਰ੍ਹਾਂ 687 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ। ਡਿਪਟੀ ਕਮਿਸ਼ਨਰ ਨੇ ਚੋਣ ਅਮਲੇ ਅਤੇ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ। ਰਿਟਰਨਿੰਗ ਅਫ਼ਸਰ ਅਲਕਾ ਕਾਲੀਆ ਨੇ ਗਿਣਤੀ ਮੁਕੰਮਲ ਹੋਣ ’ਤੇ ‘ਆਪ’ ਆਗੂ ਮਹਿੰਦਰ ਭਗਤ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ।
ਪੰਜਾਬ ਵਾਸੀ ਸਾਡੇ ਕੰਮਾਂ ਤੋਂ ਖੁਸ਼: ਭਗਵੰਤ ਮਾਨ
ਚੰਡੀਗੜ੍ਹ (ਆਤਿਸ਼ ਗੁਪਤਾ): ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ’ਚ ‘ਆਪ’ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੂਬਾ ਸਰਕਾਰ ਦੇ ਕੰਮ ਤੋਂ ਵਧੇਰੇ ਖੁਸ਼ ਹਨ ਜਿਸ ਕਾਰਨ ਉਨ੍ਹਾਂ ‘ਆਪ’ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਜਿਤਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਹ ਜਲੰਧਰ ਵੈਸਟ ਨੂੰ ‘ਬੈਸਟ’ ਬਣਾਉਣ ਲਈ ਹਰਸੰਭਵ ਕੋਸ਼ਿਸ਼ ਕਰਨਗੇ। ਸ੍ਰੀ ਮਾਨ ਨੇ ‘ਐਕਸ’ ’ਤੇ ਸਾਰੇ ਪਾਰਟੀ ਵਰਕਰਾਂ ਨੂੰ ਵੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸੂਬਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕਈ ਵੱਡੇ ਫ਼ੈਸਲੇ ਲਏ ਜਾਣਗੇ ਤਾਂ ਜੋ ਉਨ੍ਹਾਂ ਨੂੰ ਆਰਥਿਕ ਅਤੇ ਸਮਾਜਿਕ ਪੱਖ ਤੋਂ ਮਜ਼ਬੂਤ ਕੀਤਾ ਜਾ ਸਕੇ।