ਜਲੰਧਰ ਪੱਛਮੀ ਜ਼ਿਮਨੀ ਚੋਣ ਆਖ਼ਰੀ ਗੇੜ ’ਚ ਦਾਖ਼ਲ
ਚਰਨਜੀਤ ਭੁੱਲਰ
ਚੰਡੀਗੜ੍ਹ, 7 ਜੁਲਾਈ
ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਆਖ਼ਰੀ ਪੜਾਅ ’ਚ ਦਾਖ਼ਲ ਹੋ ਗਈ ਹੈ ਅਤੇ ਸੋਮਵਾਰ ਨੂੰ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਉਥੇ ਹੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਸ ਨੇ ਆਪਣੇ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਰਾਏ ਦਾ ਘਰ ਲੈ ਕੇ ਜਲੰਧਰ ਵਿਚ ਡੇਰਾ ਲਾਇਆ ਹੈ, ਜਦੋਂਕਿ ਉਨ੍ਹਾਂ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਦੀ ਇਸ ਚੋਣ ਵਿਚ ਮਕਬੂਲੀਅਤ ਸਾਹਮਣੇ ਆ ਰਹੀ ਹੈ।
‘ਆਪ’ ਸਰਕਾਰ ਲਈ ਵੱਡੀ ਚੁਣੌਤੀ ਇਹ ਸੀ ਕਿ ਮੁਲਾਜ਼ਮ ਅਤੇ ਬੇਰੁਜ਼ਗਾਰ ਧਿਰਾਂ ਵੱਲੋਂ ਜਲੰਧਰ ਵਿਚ ਪ੍ਰਦਰਸ਼ਨ ਕਰਨ ਦੇ ਐਲਾਨ ਕੀਤੇ ਹੋਏ ਸਨ ਅਤੇ ਕਈ ਧਿਰਾਂ ਨੇ ਮੁਜ਼ਾਹਰੇ ਕੀਤੇ ਵੀ ਹਨ। ਮੁੱਖ ਮੰਤਰੀ ਨੇ ਇਨ੍ਹਾਂ ਸਭਨਾਂ ਧਿਰਾਂ ਨਾਲ ਵਾਰੋ-ਵਾਰੀ ਮੀਟਿੰਗਾਂ ਕਰ ਕੇ ਸੰਕਟ ਨੂੰ ਟਾਲ ਲਿਆ ਹੈ। ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ‘ਆਪ’ ਨੂੰ ਜਲੰਧਰ ਪੱਛਮੀ ਹਲਕੇ ਤੋਂ ਕਾਫ਼ੀ ਘੱਟ ਵੋਟ ਮਿਲੀ ਸੀ। ਮੁੱਖ ਮੰਤਰੀ ਦੇ ਜਲੰਧਰ ਵਿਚ ਬੈਠਣ ਨਾਲ ਸਮੁੱਚੀ ਪਾਰਟੀ ਚੋਣ ਪ੍ਰਚਾਰ ਵਿਚ ਜੁਟੀ ਹੋਈ ਹੈ।
ਪਤਾ ਲੱਗਾ ਹੈ ਕਿ ‘ਆਪ’ ਨੇ ਪਿਛਲੇ ਦਿਨਾਂ ਤੋਂ ਆਪਣੀ ਸਥਿਤੀ ’ਚ ਸੁਧਾਰ ਕੀਤਾ ਹੈ ਅਤੇ ਹੁਣ ਮੁਕਾਬਲਾ ‘ਆਪ’ ਅਤੇ ਕਾਂਗਰਸ ਦਰਮਿਆਨ ਬਣਦਾ ਨਜ਼ਰ ਆ ਰਿਹਾ ਹੈ, ਜਦੋਂਕਿ ਭਾਜਪਾ ਨੇ ਵੀ ਪੂਰਾ ਤਾਣ ਲਾਇਆ ਹੋਇਆ ਹੈ। ਆਮ ਆਦਮੀ ਪਾਰਟੀ ਇਸ ਜ਼ਿਮਨੀ ਚੋਣ ਵਿਚ ਸਫਲ ਹੋ ਕੇ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਦਾ ਦਾਗ਼ ਧੋਣਾ ਚਾਹੁੰਦੀ ਹੈ, ਜਦੋਂਕਿ ਕਾਂਗਰਸ ਪਾਰਟੀ ਇਹ ਚੋਣ ਜਿੱਤ ਕੇ ਲੋਕ ਸਭਾ ਚੋਣਾਂ ਵਿਚ ਮਿਲੀ ਲੀਡ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਅਧਿਕਾਰਤ ਉਮੀਦਵਾਰ ਚੋਣ ਮੈਦਾਨ ਵਿਚ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਉਮੀਦਵਾਰ ਨੂੰ ਹਮਾਇਤ ਦਿੱਤੀ ਹੋਈ ਹੈ।
ਕਾਂਗਰਸ ਪਾਰਟੀ ਦੇ ਹਾਲ ਹੀ ਬਣੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਕਾਰ ਵੀ ਇਸ ਚੋਣ ਨੂੰ ਲੈ ਕੇ ਦਾਅ ’ਤੇ ਹੈ। ਜਲੰਧਰ ਦੀ ਚੋਣ ਮਗਰੋਂ ਹੀ ਚਾਰ ਹੋਰ ਜ਼ਿਮਨੀ ਚੋਣਾਂ ਹੋਣੀਆਂ ਹਨ। ਇਸ ਜ਼ਿਮਨੀ ਚੋਣ ਵਿਚ ਜਿਹੜੀ ਪਾਰਟੀ ਜਿੱਤਦੀ ਹੈ, ਉਸ ਨੂੰ ਆਗਾਮੀ ਜ਼ਿਮਨੀ ਚੋਣਾਂ ਵਿਚ ਵੀ ਲਾਹਾ ਮਿਲ ਸਕਦਾ ਹੈ।
ਜਲੰਧਰ ਪੱਛਮੀ ਹਲਕੇ ਵਿਚ 181 ਪੋਲਿੰਗ ਸਟੇਸ਼ਨ ਹਨ ਅਤੇ 1.72 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। 10 ਜੁਲਾਈ ਨੂੰ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੋਲਿੰਗ ਹੋਵੇਗੀ ਅਤੇ 13 ਜੁਲਾਈ ਨੂੰ ਚੋਣ ਨਤੀਜਾ ਆਵੇਗਾ। ਜਲੰਧਰ ਜ਼ਿਮਨੀ ਚੋਣ ਕਰ ਕੇ ਪੰਜਾਬ ਸਰਕਾਰ ਦੇ ਬਾਕੀ ਕੰਮ ਠੱਪ ਪਏ ਹਨ ਅਤੇ ਜਲੰਧਰ ਪੱਛਮੀ ਹਲਕੇ ਵਿਚ ਵੀਵੀਆਈਪੀਜ਼ ਦਾ ਮੇਲਾ ਲੱਗਿਆ ਪਿਆ ਹੈ।
ਜਲੰਧਰ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ‘ਆਪ’ ਖ਼ਿਲਾਫ਼ ਪ੍ਰਦਰਸ਼ਨ
ਜਲੰਧਰ (ਪੱਤਰ ਪ੍ਰੇਰਕ): ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਹੀ ਕਿਰਾਏ ਦੇ ਮਕਾਨ ’ਚ ਰਹਿ ਰਹੇ ਹਨ। ਇਸ ਤੋਂ ਇਲਾਵਾ ਹੋਰ ਆਗੂਆਂ ਵੱਲੋਂ ਵੀ ਹਲਕੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਆਗੂਆਂ ਅਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ, ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ, ਬੇਰੁਜ਼ਗਾਰ ਸਾਂਝਾ ਮੋਰਚਾ, ਕੰਪਿਊਟਰ ਅਧਿਆਪਕਾਂ ਤੇ ਹੋਰ ਜਥੇਬੰਦੀਆਂ ਵੱਲੋਂ ਅੱਜ ਇੱਥੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਸਾਰੀਆਂ ਜਥੇਬੰਦੀਆਂ ਨੇ ‘ਆਪ’ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਏ ਅਤੇ ਮੰਗਾਂ ਮੰਨਣ ਦੀ ਅਪੀਲ ਕੀਤੀ। ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੀ ਰੈਲੀ ਰੋਕਣ ਲਈ ਪੁਲੀਸ ਨੇ ਦੇਰ ਰਾਤ ਤੋਂ ਹੀ ਜਥੇਬੰਦੀ ਦੇ ਆਗੂਆਂ ਦੇ ਘਰਾਂ ’ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕੁੱਝ ਆਗੂਆਂ ਨੂੰ ਘਰਾਂ ਤੇ ਕੁੱਝ ਨੂੰ ਥਾਣਿਆਂ ਵਿੱਚ ਨਜ਼ਰਬੰਦ ਕੀਤਾ ਗਿਆ। ਇਸੇ ਤਰ੍ਹਾਂ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰ ਸਾਂਝਾ ਮੋਰਚੇ ਦੀਆਂ ਪੰਜ ਬੇਰੁਜ਼ਗਾਰ ਜਥੇਬੰਦੀਆਂ ਨੇ ਸਥਾਨਕ ਭਗਤ ਰਵਿਦਾਸ ਚੌਕ ਤੋਂ ਕਰੀਬ ਚਾਰ ਕਿਲੋਮੀਟਰ ਮਾਰਚ ਕਰ ਕੇ ‘ਆਪ’ ਦਾ ਮੁੱਖ ਦਫਤਰ ਘੇਰਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ‘ਆਪ’ ਸਮਰਥਕਾਂ ਵਿਚਾਲੇ ਤਲਖੀ ਵੀ ਹੋਈ। ਉਧਰ ਕੰਪਿਊਟਰ ਅਧਿਆਪਕਾਂ ਨੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨ ਤਾਰਨ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਉਧਰ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਇੱਥੇ ਪਹੁੰਚੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਕਾਰਨ ਇਲਾਕਾ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਿਧਰੋਂ ਵੀ ਇਹ ਆਗੂ ਲੰਘਦੇ ਹਨ, ਉਥੇ ਸੜਕੀ ਆਵਾਜਾਈ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ।