ਜਲੰਧਰ: ਵੋਟਰਾਂ ਨੂੰ ਪੋਲਿੰਗ ਬੂਥ ਲੱਭਣ ਵਿਚ ਆਈ ਮੁਸ਼ਕਲ
ਜਲੰਧਰ ਨਗਰ ਨਿਗਮ ਚੋਣਾਂ ਲਈ ਸ਼ਨਿੱਚਰਵਾਰ ਨੂੰ ਵੋਟਾਂ ਪਾਉਣ ਲਈ ਨਿਕਲੇ ਵੋਟਰਾਂ ਨੂੰ ਆਪਣੇ ਪੋਲਿੰਗ ਬੂਥਾਂ ਦਾ ਪਤਾ ਲਗਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਵੋਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਵਾਰਡਾਂ ਦੀ ਹੱਦਬੰਦੀ ਹੋਣ ਕਾਰਨ ਉਨ੍ਹਾਂ ਦੇ ਬੂਥ ਬਦਲ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਆਪਣੀ ਵੋਟ ਪਾਉਣ ਲਈ ਨਾਲ ਲੱਗਦੇ ਬੂਥਾਂ ’ਤੇ ਜਾ ਕੇ ਦੇਖਣਾ ਪਵੇਗਾ। ਇਸੇ ਕਾਰਨ, ਪੋਲਿੰਗ ਦੀ ਰਫ਼ਤਾਰ ਬਹੁਤ ਮੱਠੀ ਰਹੀ ਤੇ ਪਹਿਲੇ ਦੋ ਘੰਟਿਆਂ ਵਿੱਚ ਕਰੀਬ 5 ਫੀਸਦ ਵੋਟਾਂ ਹੀ ਪਈਆਂ।
ਸਟੇਟ ਪਬਲਿਕ ਸਕੂਲਾਂ ਦੇ ਗਰੁੱਪ ਦੇ ਪ੍ਰਧਾਨ ਡਾ: ਨਰੋਤਮ ਸਿੰਘ ਨੇ ਦੱਸਿਆ, “ਮੈਂ ਅਤੇ ਮੇਰੀ ਪਤਨੀ ਅੱਜ ਸਵੇਰੇ ਗੁਰੂ ਅਮਰਦਾਸ ਸਕੂਲ, ਮਾਡਲ ਟਾਊਨ ਗਏ ਸੀ, ਜਿੱਥੇ ਸਾਨੂੰ ਪੋਲਿੰਗ ਅਫ਼ਸਰਾਂ ਨੇ ਦੱਸਿਆ ਕਿ ਐਤਕੀਂ ਇਸ ਪੋਲਿੰਗ ਬੂਥ ’ਤੇ ਸਾਡੀਆਂ ਵੋਟਾਂ ਨਹੀਂ ਹਨ। ਅਸੀਂ ਇਸ ਸਾਲ ਜੂਨ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਇਸੇ ਸਕੂਲ ਦੇ ਪੋਲਿੰਗ ਬੂਥ ਵਿੱਚ ਆਪਣੀ ਵੋਟ ਪਾਈ ਸੀ, ਜਦੋਂ ਅਸੀਂ ਉਨ੍ਹਾਂ ਨੂੰ ਸਾਡੇ ਬੂਥਾਂ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਨ ਲਈ ਕਿਹਾ, ਤਾਂ ਉਨ੍ਹਾਂ ਸਾਨੂੰ ਨਾਲ ਦੇ ਦੋ ਪੂਲਿੰਗ ਬੂਥਾਂ ’ਤੇ ਪੁੱਛ ਪੜਤਾਲ ਕਰਨ ਲਈ ਕਿਹਾ। ਅਸੀਂ ਬਹੁਤੀ ਭੱਜ ਨੱਠ ਨਹੀਂ ਕਰ ਸਕਦੇ ਜਿਸ ਕਰਕੇ ਅਸੀਂ ਬਿਨਾਂ ਵੋਟ ਪਾਏ ਹੀ ਉੱਥੋਂ ਮੁੜ ਆਏ।’’ ਪੋਲਿੰਗ ਸਟੇਸ਼ਨਾਂ ਨੂੰ ਲੈ ਕੇ ਐਤਕੀਂ ਵਧੇਰੇ ਦੁਚਿੱਤੀ ਬਣੀ ਹੋਈ ਹੈ ਕਿਉਂਕਿ ਵਾਰਡਾਂ ਅਤੇ ਬੂਥਾਂ ਦੀ ਨੁਹਾਰ ਬਦਲੀ ਗਈ ਹੈ ਅਤੇ ਕਾਹਲੀ ਵਿੱਚ ਕਰਵਾਈਆਂ ਜਾ ਰਹੀਆਂ ਚੋਣਾਂ ਕਰਕੇ ਐਤਕੀਂ ਬੂਥ ਲੈਵਲ ਅਫ਼ਸਰ ਘਰ-ਘਰ ਜਾ ਕੇ ਵੋਟਰਾਂ ਨੂੰ ਸਲਿੱਪਾਂ ਨਹੀਂ ਦੇ ਰਹੇ।
ਆਮ ਆਦਮੀ ਪਾਰਟੀ ਦੇ ਵਾਰਡ ਨੰ. 33 ਤੋਂ ਸਾਬਕਾ ਕੌਂਸਲਰ ਅਰੁਣਾ ਅਰੋੜਾ ਨੇ ਕਿਹਾ, ‘‘ਵੋਟਰਾਂ ਨੂੰ ਆਪਣੀਆਂ ਵੋਟਾਂ ਦਾ ਪਤਾ ਲਗਾਉਣ ਵਿੱਚ ਕੁਝ ਸਮੱਸਿਆ ਆਈ ਹੈ। ਪਿਛਲੇ ਦੋ ਦਿਨਾਂ ਤੋਂ, ਅਸੀਂ ਉਨ੍ਹਾਂ ਦੀ ਨਵੀਂ ਵੋਟ ਨੰਬਰ, ਵਾਰਡ ਨੰਬਰ ਅਤੇ ਬੂਥ ਸਥਾਨਾਂ ਦੇ ਨਾਲ ਵੋਟਰ ਸਲਿੱਪਾਂ ਭੇਜ ਕੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸੀ ਉਮੀਦਵਾਰ ਪਵਨ ਕੁਮਾਰ ਨੇ ਕਿਹਾ, ‘‘ਵੋਟਾਂ ਦਾ ਪਤਾ ਲਗਾਉਣ ਤੋਂ ਇਲਾਵਾ, ਸਾਨੂੰ ਦੋ ਵੱਖ-ਵੱਖ ਵਾਰਡਾਂ ਵਿੱਚ ਦੋਹਰੀ ਵੋਟ ਦਰਜ ਹੋਣ ਦੀ ਸਮੱਸਿਆ ਆਈ ਹੈ। ਉਮੀਦਵਾਰ ਹੋਣ ਦੇ ਨਾਤੇ, ਸਾਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅਸੀਂ ਆਪਣੇ ਨਾਲ ਲੱਗਦੇ ਵਾਰਡਾਂ ਦੇ 50 ਹੋਰ ਘਰਾਂ ਵਿੱਚ ਗਲਤ ਤਰੀਕੇ ਨਾਲ ਪ੍ਰਚਾਰ ਕਰੀ ਗਏ।