ਜਲੰਧਰ: ਘਰਾਂ ’ਚ ਨਜ਼ਰਬੰਦ ਕਿਸਾਨ ਆਗੂਆਂ ਤੇ ਪੁਲੀਸ ਵਿਚਾਲੇ ਸਹਿਮਤੀ, ਮੋਦੀ ਦੀ ਰੈਲੀ ਤੋਂ 15 ਕਿਲੋਮੀਟਰ ਦੂਰ ਪ੍ਰਰਦਰਸ਼ਨ ਕੀਤਾ ਜਾਵੇਗਾ
ਪਾਲ ਸਿੰਘ ਨੌਲੀ
ਜਲੰਧਰ, 24 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਚੋਣ ਰੈਲੀ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਪੈਣ ਤੋਂ ਰੋਕਣ ਲਈ ਨਜ਼ਰਬੰਦ ਕੀਤੇ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਦੇ ਆਗੂਆਂ ਤੇ ਪੁਲੀਸ ਵਿਚਾਲੇ ਸਹਿਮਤੀ ਹੋ ਗਈ ਹੈ। ਇਸ ਤਹਿਤ ਕਿਸਾਨ ਰੈਲੀ ਤੋਂ 10-15 ਕਿਲੋਮੀਟਰ ਦੂਰ ਪ੍ਰਦਰਸ਼ਨ ਕਰਨਗੇ। ਪੁਲੀਸ ਨੇ ਤੜਕਸਾਰ ਵੱਡੀ ਕਾਰਵਾਈ ਕਰਦਿਆ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਦੇ ਵੱਡੇ ਆਗੂਆਂ ਨੂੰ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ। ਮਜ਼ਦੂਰ ਜੱਥੇਬੰਦੀਆਂ ਦੇ ਆਗੂ ਆਪਣੇ ਮੋਬਾਈਲ ਫੋਨ ਘਰਾਂ ਵਿੱਚ ਹੀ ਛੱਡ ਕੇ ਇਧਰ ਉਧਰ ਹੋ ਗਏ ਹਨ ਤਾਂ ਜੋ ਪ੍ਰਧਾਨ ਮੰਤਰੀ ਵਿਰੁੱਧ ਪ੍ਰਦਰਸ਼ਨ ਕਰ ਸਕਣ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸਕੱਤਰ ਜਨਰਲ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਤੜਕੇ ਪੰਜ ਵਜੇ ਪੰਜਾਬ ਪੁਲੀਸ ਨੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾ ਦਿੱਤਾ ਸੀ ਤੇ ਕਿਹਾ ਕਿ ਘਰ ਵਿੱਚੋਂ ਬਾਹਰ ਨਹੀਂ ਜਾਣਾ। ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤਰਸੇਮ ਪੀਟਰ ਤੇ ਜਨਰਲ ਸਕੱਤਰ ਕਸ਼ਮੀਰ ਸਿੰਘ ਘੁਗਸ਼ੋਰ ਆਪਣੇ ਮੋਬਾਈਲ ਫੋਨ ਘਰਾਂ ਵਿੱਚ ਹੀ ਛੱਡ ਗਏ ਹਨ, ਜਦੋਂ ਤਰਸੇਮ ਪੀਟਰ ਦੇ ਮੋਬਾਈਲ ਫੋਨ `ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਹ ਘਰ ਨਹੀਂ ਹਨ ਤੇ ਨਾ ਹੀ ਉਨ੍ਹਾਂ ਨੂੰ ਪਤਾ ਹੈ ਕਿ ਉਹ ਕਿਧਰ ਗਏ ਹਨ। ਇਹੀ ਜਵਾਬ ਘੁਗਸ਼ੋਰ ਦੇ ਘਰ ਤੋਂ ਆਇਆ। ਕਿਸਾਨ ਆਗੂ ਸਤਨਾਮ ਸਿਮਘ ਸਾਹਨੀ ਨੇ ਦੱਸਿਆ ਕਿ ਜੱਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੂੰ ਵੀ ਘਰ ਵਿੱਚ ਨਜ਼ਰਬੰਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨਾਲ ਇਸ ਗੱਲ `ਤੇ ਸਹਿਮਤੀ ਬਣ ਰਹੀ ਹੈ ਕਿ ਪ੍ਰਧਾਨ ਮੰਤਰੀ ਵਿਰੁੱਧ ਪ੍ਰਦਰਸ਼ਨ ਉਨ੍ਹਾਂ ਦੀ ਚੋਣ ਰੈਲੀ ਤੋਂ 10 ਤੋਂ 15 ਕਿਲੋਮੀਟਰ ਦੂਰ ਕੀਤਾ ਜਾਵੇ।
ਫਿਲੌਰ(ਸਰਬਜੀਤ ਸਿੰਘ ਗਿੱਲ): ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਅਮਰੀਕ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਭਾਰ ਸਿੰਘ ਪੁਰਾ ਵਿੱਚ ਪੰਜਾਬ ਪੁਲੀਸ ਵੱਲੋਂ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਵਿੱਚ ਕੀਤੀ ਜਾ ਰਹੀ ਚੋਣਾਂ ਸਬੰਧੀ ਰੈਲੀ ਵਿੱਚ ਕਿਸਾਨ ਯੂਨੀਅਨ ਦੇ ਆਗੂ ਰੋਸ ਪ੍ਰਦਰਸ਼ਨ ਨਾ ਕਰ ਸਕਣ ਇਸ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਅਮਰੀਕ ਸਿੰਘ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਹੈ।