ਜਲੰਧਰ ਦਿਹਾਤੀ ਪੁਲੀਸ ਵੱਲੋਂ ਨਸ਼ਾ ਤਸਕਰ ਦੀ 52 ਲੱਖ ਰੁਪਏ ਦੀ ਜਾਇਦਾਦ ਜ਼ਬਤ
ਪਾਲ ਸਿੰਘ ਨੌਲੀ
ਜਲੰਧਰ, 1 ਸਤੰਬਰ
ਜਲੰਧਰ ਦਿਹਾਤੀ ਪੁਲੀਸ ਨੇ ਇੱਕ ਨਸ਼ਾ ਤਸਕਰ ਦੀ 52 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਕਾਰਵਾਈ ਵਿੱਚ 45 ਲੱਖ ਰੁਪਏ ਦੀ ਕੀਮਤ ਦੇ 9 ਮਰਲੇ ਦੇ ਘਰ ਅਤੇ 7 ਲੱਖ ਰੁਪਏ ਦੀ ਟੋਇਟਾ ਇਨੋਵਾ ਕਾਰ ਨੂੰ ਜ਼ਬਤ ਕੀਤਾ ਗਿਆ ਹੈ। ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਵਿੱਤੀ ਨੈਟਵਰਕ ਨੂੰ ਖ਼ਤਮ ਕਰਨ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਲੰਧਰ ਦਿਹਾਤੀ ਪੁਲੀਸ ਦੁਆਰਾ ਜ਼ਬਤ ਕੀਤੀਆਂ ਜਾਇਦਾਦਾਂ ਦੀ ਕੁੱਲ ਕੀਮਤ ਹੁਣ 57 ਕਰੋੜ ਰੁਪਏ ਨੂੰ ਪਾਰ ਹੋ ਗਈ ਹੈ। ਪੁਲੀਸ ਅਨੁਸਾਰ ਐਨਡੀਪੀਐੱਸ ਐਕਟ ਦੀ ਧਾਰਾ 18 ਅਧੀਨ ਭੋਗਪੁਰ ਥਾਣੇ ਵਿੱਚ 26 ਮਈ, 2020 ਨੂੰ ਦਰਜ ਐੱਫਆਈਆਰ ਨੰਬਰ 108 ਨਾਲ ਜੁੜੀ ਇਹ ਜਾਇਦਾਦ ਜ਼ਬਤ ਕੀਤੀ ਗਈ ਹੈ ਜਿਹੜੀ ਕਿ ਲਖਵੀਰ ਚੰਦ, ਵਾਸੀ ਨਿਊ ਸ਼ਾਂਤੀ ਨਗਰ, ਬਜਵਾੜਾ, ਹੁਸ਼ਿਆਰਪੁਰ ਦੀ ਹੈ। ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਨੂੰਨੀ ਪ੍ਰੀਕਿਰਿਆ ਪੂਰੀ ਕਰ ਲੈਣ ਬਾਅਦ ਇਹ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਨਸ਼ਾ ਤਸਕਰ ਨੂੰ 3.4 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਸੀ ਅਤੇ ਉਸ ਦੇ ਸਾਥੀ ਕੋਲੋਂ 2.6 ਕਿਲੋਗ੍ਰਾਮ ਵਾਧੂ ਅਫੀਮ ਵੀ ਬਰਾਮਦ ਕੀਤੀ ਗਈ ਸੀ। ਜਲੰਧਰ ਦਿਹਾਤੀ ਪੁਲੀਸ ਨੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 63 ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਇਨ੍ਹਾਂ ਵਿੱਚ ਸਦਰ ਨਕੋਦਰ ਵਿੱਚ 15, ਸ਼ਾਹਕੋਟ ਵਿੱਚ 12, ਫਿਲੌਰ ਵਿੱਚ 10, ਗੁਰਾਇਆ ਵਿੱਚ 9, ਮਹਿਤਪੁਰ ਵਿੱਚ 5, ਭੋਗਪੁਰ ਵਿੱਚ 3, ਕਰਤਾਰਪੁਰ, ਲੋਹੀਆਂ ਅਤੇ ਲਾਂਬੜਾ ਵਿੱਚ 2-2 ਅਤੇ ਆਦਮਪੁਰ, ਮਕਸੂਦਾਂ, ਨੂਰਮਹਿਲ, ਸਿਟੀ ਨਕੋਦਰ ਵਿੱਚ 1-1 ਜਾਇਦਾਦ ਸ਼ਾਮਲ ਹੈ।