ਜਲੰਧਰ: ਦਿਹਾਤੀ ਪੁਲੀਸ ਵੱਲੋਂ ਪੰਜ ਨਸ਼ਾ ਤਸਕਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 27 ਜਨਵਰੀ
ਜਲੰਧਰ ਦਿਹਾਤੀ ਪੁਲੀਸ ਨੇ ਆਦਮਪੁਰ ਦੀ ਦਾਣਾ ਮੰਡੀ ਨੇੜੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ 140 ਗ੍ਰਾਮ ਹੈਰੋਇਨ ਦੇ ਨਾਲ ਇੱਕ ਕਰੇਟਾ ਕਾਰ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਜਸਥਾਨ ਦੇ ਰਵੀ, ਹੁਸ਼ਿਆਰਪੁਰ ਦੇ ਨਿਤਿਨ ਸ਼ਰਮਾ, ਮੁਕੁਲ ਤੇ ਅਜੈ ਕੁਮਾਰ (ਦੋਵੇਂ ਵਾਸੀ ਅੰਮ੍ਰਿਤਸਰ) ਅਤੇ ਉਨ੍ਹਾਂ ਦੇ ਇੱਕ ਸਾਥੀ ਵਜੋਂ ਹੋਈ ਹੈ। ਸੀਨੀਅਰ ਪੁਲੀਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਕਾਰਵਾਈ ਡੀਐੱਸਪੀ ਕੁਲਵੰਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਰਵਿੰਦਰਪਾਲ ਸਿੰਘ ਨੇ ਐੱਸਆਈ ਗੁਰਮੀਤ ਰਾਮ ਅਤੇ ਉਨ੍ਹਾਂ ਦੀ ਟੀਮ ਨਾਲ ਮਿਲ ਕੇ ਇਹ ਸਫ਼ਲਤਾ ਹਾਸਲ ਕੀਤੀ ਹੈ। ਐੱਸਐੱਸਪੀ ਸ੍ਰੀ ਖੱਖ ਨੇ ਕਿਹਾ ਕਿ 26 ਜਨਵਰੀ ਪੁਲੀਸ ਪਾਰਟੀ ਨੇ ਦਾਣਾ ਮੰਡੀ ਆਦਮਪੁਰ ਵਿੱਚ ਰੇਲਵੇ ਫਾਟਕ ਦੇ ਨੇੜੇ ਸ਼ੱਕੀ ਗਤੀਵਿਧੀ ਦੇਖੀ, ਜਿੱਥੇ ਪੰਜ ਵਿਅਕਤੀ ਇੱਕ ਪਾਰਕ ਕੀਤੀ ਹੁੰਡਈ ਕਰੇਟਾ ਵਿੱਚ ਬੈਠੇ ਸਨ। ਜਾਂਚ ਕਰਨ ’ਤੇ ਪੁਲੀਸ ਟੀਮ ਨੂੰ ਗੱਡੀ ਦੇ ਗੇਅਰ ਕੰਸੋਲ ਵਿੱਚ ਛੁਪਿਆ ਇੱਕ ਮੋਮ ਨਾਲ ਸੀਲਬੰਦ ਪੈਕੇਜ ਮਿਲਿਆ, ਜਿਸ ਵਿੱਚ 140 ਗ੍ਰਾਮ ਹੈਰੋਇਨ ਸੀ। ਐੱਨਡੀਪੀਐਸ ਐਕਟ ਦੀ ਧਾਰਾ 21(ਬੀ), 61-85 ਦੇ ਤਹਿਤ ਐੱਫਆਈਆਰ ਨੰਬਰ 13 ਮਿਤੀ 26.01.2025 ਦੇ ਤਹਿਤ ਥਾਣਾ ਆਦਮਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਹੋਰ ਜਾਂਚ ਲਈ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਲੁੱਟ-ਖੋਹ ਦੇ ਦੋਸ਼ ਹੇਠ ਪੰਜ ਮੁਲਜ਼ਮ ਗ੍ਰਿਫ਼ਤਾਰ
ਫਗਵਾੜਾ (ਪੱਤਰ ਪ੍ਰੇਰਕ): ਸੀਆਈਏ ਸਟਾਫ਼ ਤੇ ਰਾਵਲਪਿੰਡੀ ਪੁਲੀਸ ਨੇ ਲੁੱਟ ਖੋਹ ਦੇ ਦੋਸ਼ ਹੇਠ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਖੋਹੇ ਗਏ ਮੋਬਾਈਲ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਡੀ.ਐੱਸ.ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਜੀਐੱਨਏ ਫ਼ੈਕਟਰੀ ’ਚ ਕੰਮ ਕਰਨ ਵਾਲੇ ਚਾਰ ਲੜਕਿਆਂ ਪਾਸੋਂ ਇਨ੍ਹਾਂ ਲੁੱਟ ਖੋਹ ਕੀਤੀ ਸੀ ਤੇ ਉਨ੍ਹਾਂ ਪਾਸੋਂ ਮੋਬਾਈਲ ਤੇ ਮੋਟਰਸਾਈਕਲ ਖੋਹ ਕੇ ਲੈ ਗਏ ਸਨ ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਜਸਪਾਲ ਸਿੰਘ ਵਾਸੀ ਪਿੰਡ ਮਲਕਪੁਰ, ਹਰਪ੍ਰੀਤ ਸਿੰਘ ਵਾਸੀ ਪਿੰਡਟਾਂਡਾ ਬਘਾਣਾ, ਇੰਦਰਦੀਪ ਸਿੰਘ ਵਾਸੀ ਬਘਾਣਾ, ਕੈਥ ਜੈਨੀ ਵਾਸੀ ਬਘਾਣਾ ਤੇ ਰਾਹੁਲ ਵਾਸੀ ਪਿੰਡ ਬਘਾਣਾ ਨੂੰ ਗ੍ਰਿਫ਼ਤਾਰ ਕੀਤਾ ਹੈ।