For the best experience, open
https://m.punjabitribuneonline.com
on your mobile browser.
Advertisement

ਜਲੰਧਰ: ਚੋਣ ਜ਼ਾਬਤੇ ਦੇ ਬਾਵਜੂਦ ਲੱਗੇ ਨੇ ਸਿਆਸੀ ਦਲਾਂ ਦੇ ਪੋਸਟਰ

08:22 AM Mar 22, 2024 IST
ਜਲੰਧਰ  ਚੋਣ ਜ਼ਾਬਤੇ ਦੇ ਬਾਵਜੂਦ ਲੱਗੇ ਨੇ ਸਿਆਸੀ ਦਲਾਂ ਦੇ ਪੋਸਟਰ
ਜਲੰਧਰ ’ਚ ਇੱਕ ਥਾਂ ਕੰਧ ’ਤੇ ਲੱਗੇ ਇੱਕ ਸਿਆਸੀ ਪਾਰਟੀ ਦੇ ਪੋਸਟਰ।
Advertisement

ਹਤਿੰਦਰ ਮਹਿਤਾ
ਜਲੰਧਰ, 21 ਮਾਰਚ
ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਸੱਤਾਧਾਰੀਆਂ ਅਤੇ ਵਿਰੋਧੀ ਪਾਰਟੀਆਂ ਦੇ ਹੋਰਡਿੰਗ ਅਤੇ ਪੋਸਟਰ ਸ਼ਹਿਰ ਵਿੱਚ ਲੱਗੇ ਹੋਏ ਹਨ। ਵੱਖ-ਵੱਖ ਸਥਾਨਾਂ ਦੇ ਦੌਰੇ ਤੋਂ ਪਤਾ ਲੱਗਾ ਹੈ ਕਿ ‘ਆਪ’ ਦੇ ਵੱਡੇ ਬੈਨਰ ਜਿਨ੍ਹਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਦੀਆਂ ਤਸਵੀਰਾਂ ਅਤੇ ਸੜਕ ਸੁਰੱਖਿਆ ਫੋਰਸ ਵਰਗੀਆਂ ਤਾਜ਼ਾ ਪਹਿਲਕਦਮੀਆਂ ਦਾ ਜ਼ਿਕਰ ਹੈ, ਅਜੇ ਵੀ ਅਰਬਨ ਅਸਟੇਟ ਫੇਜ਼ ਦੇ ਬਰਲਟਨ ਪਾਰਕ ਨੇੜੇ ਪ੍ਰਦਰਸ਼ਿਤ ਹਨ। ਇਸ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਦੇ ਝੰਡੇ ਅਤੇ ਪੋਸਟਰ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ, ਆਟੋ-ਰਿਕਸ਼ਾ ਅਤੇ ਸੜਕ ਕਿਨਾਰੇ ਖੱਡਿਆਂ ’ਤੇ ਆਸਾਨੀ ਨਾਲ ਚਿਪਕੇ ਦੇਖੇ ਜਾ ਸਕਦੇ ਹਨ।
ਇਸੇ ਤਰ੍ਹਾਂ ਬੈਂਕ ਐਨਕਲੇਵ ਅਤੇ ਚੀਮਾ ਚੌਕ ਵਾਲੇ ਪਾਸੇ ਭਾਜਪਾ ਦੇ ਸਥਾਨਕ ਨੇਤਾਵਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਦੇਖੇ ਗਏ। ਲਗਭਗ ਸਾਰੀਆਂ ਪਾਰਟੀਆਂ ਦੇ ਸਥਾਨਕ ਆਗੂਆਂ ਦੇ ਹੋਰਡਿੰਗਾਂ ਨਾਲ ਸ਼ਹਿਰ ਭਰਿਆ ਦਿਖਾਈ ਦੇ ਰਿਹਾ ਹੈ ਜਿਨ੍ਹਾਂ ’ਤੇ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦੇਣ ਵਾਲੇ ਸੰਦੇਸ਼ ਹਨ ਜੋ 120 ਫੁੱਟ ਸੜਕ ਅਤੇ ਰਾਮਾ ਮੰਡੀ ਆਦਿ ’ਤੇ ਦੇਖੇ ਜਾ ਸਕਦੇ ਹਨ। ਹੁਕਮਾਂ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਅਜੇ ਤੱਕ ਕਈ ਥਾਵਾਂ ਤੋਂ ਆਮ ਆਦਮੀ ਕਲੀਨਿਕਾਂ ਤੋਂ ਨਹੀਂ ਹਟਾਈਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਜਲਦੀ ਹੀ ਹਟਾ ਦਿੱਤਾ ਜਾਵੇਗਾ ਕਿਉਂਕਿ ਹਲਕੇ ਅੰਦਰ ਅਜਿਹੇ ਇਸ਼ਤਿਹਾਰ ਜਾਂ ਹੋਰਡਿੰਗ ਹਟਾਉਣ ਦਾ ਕੰਮ ਚੱਲ ਰਿਹਾ ਹੈ।

Advertisement

ਪਠਾਨਕੋਟ ਵਿੱਚ ਫਲੈਗ ਮਾਰਚ ਕੱਢਿਆ

ਪਠਾਨਕੋਟ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਫਲੈਗ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਐੱਸਡੀਐੱਮ ਡਾ. ਸੁਮਿਤ ਮੁਧ, ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ, ਪੰਜਾਬ ਪੁਲੀਸ, ਡਾਗ ਸਕੁਐਡ, ਬੰਬ ਨਿਰੋਧਕ ਦਸਤੇ ਅਤੇ ਬੀਐੱਸਐੱਫ ਦੇ ਜਵਾਨ ਤੇ ਅਧਿਕਾਰੀ ਸ਼ਾਮਲ ਸਨ। ਇਹ ਮਾਰਚ ਸ਼ਹਿਰ ਦੇ ਅਲੱਗ-ਅਲੱਗ ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚ ਕੱਢਿਆ ਗਿਆ। ਇਸ ਮੌਕੇ ਐੱਸਡੀਐੱਮ ਅਤੇ ਡੀਐੱਸਪੀ ਨੇ ਲੋਕਾਂ ਨੂੰ ਬਿਨਾ ਕਿਸੇ ਖੌਫ ਦੇ ਵੋਟ ਪਾਉਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਚੋਣ ਆਦਰਸ਼ ਜ਼ਾਬਤੇ ਦੀ ਪਾਲਣਾ ਕਰਨ ਲਈ ਕਿਹਾ। -ਪੱਤਰ ਪ੍ਰੇਰਕ

ਚਾਰ ਟੀਮਾਂ ਕਰ ਰਹੀਆਂ ਹਨ ਚੋਣ ਜ਼ਾਬਤੇ ਦੀ ਉਲੰਘਣਾ ਦੀ ਜਾਂਚ

ਨਗਰ ਨਿਗਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਟੀਮਾਂ ਆਦਰਸ਼ ਚੋਣ ਜ਼ਾਬਤੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਜਨਤਕ ਅਤੇ ਨਿੱਜੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ 24 ਘੰਟੇ ਚੈਕਿੰਗ ਕਰ ਰਹੀਆਂ ਹਨ। ਟੀਮਾਂ ਨੂੰ ਹਲਕੇ ਅਨੁਸਾਰ ਵੰਡਿਆ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪਿਛਲੇ ਛੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਦੀ ਪ੍ਰਚਾਰ ਸਮੱਗਰੀ ਦੀਆਂ ਲਗਭਗ 1290 ਅਜਿਹੀਆਂ ਚੀਜ਼ਾਂ ਨੂੰ ਜਨਤਕ ਜਾਇਦਾਦਾਂ ਤੋਂ ਹਟਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੁਆਰਾ ਲਾਂਚ ਕੀਤੀ ਗਈ ਸੀਵੀਗਿਲ ਐਪ ’ਤੇ ਕਿਸੇ ਵੀ ਕਿਸਮ ਦੀ ਉਲੰਘਣਾ ਦੀ ਰਿਪੋਰਟ ਕਰਨ ਕਿਉਂਕਿ ਇਹ 100 ਮਿੰਟਾਂ ਦੇ ਅੰਦਰ ਸ਼ਿਕਾਇਤਾਂ ਨਿਪਟਾਉਣ ਦਾ ਸਭ ਤੋਂ ਵਧੀਆ ਸਾਧਨ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਅਜਿਹੀਆਂ ਕੁੱਲ 35 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 28 ਨੂੰ ਪਹਿਲਾਂ ਹੀ ਕਲੀਅਰ ਕੀਤਾ ਜਾ ਚੁੱਕਾ ਹੈ।

Advertisement
Author Image

sukhwinder singh

View all posts

Advertisement
Advertisement
×