ਜਲੰਧਰ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੋਹ ਦੇ ਚਾਰ ਮੈਂਬਰ ਹਥਿਆਰਾਂ ਸਣੇ ਕਾਬੂ ਕੀਤੇ
ਪਾਲ ਸਿੰਘ ਨੌਲੀ
ਜਲੰਧਰ, 16 ਅਗਸਤ
ਜਲੰਧਰ ਦਿਹਾਤੀ ਪੁਲੀਸ ਨੇ ਜਲੰਧਰ-ਬਟਾਲਾ ਹਾਈਵੇਅ ’ਤੇ ਜੱਗੂ ਭਗਵਾਨਪੁਰੀਆ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਵਾਹਨ ਵੀ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਅਸਰਤ ਕੰਠ ਉਰਫ ਸਾਬੀ, ਕਮਲਪ੍ਰੀਤ ਸਿੰਘ ਉਰਫ ਕੋਮਲ ਬਾਜਵਾ, ਪਰਦੀਪ ਕੁਮਾਰ ਉਰਫ ਗੋਰਾ ਅਤੇ ਗੁਰਮੀਤ ਰਾਜ ਉਰਫ ਜੁਨੇਜਾ ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਚਾਰ ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਚੀਨ ਦਾ 7.65 ਐੱਮਐੱਮ ਗਲਾਕ, ਦੋ .30 ਬੋਰ ਦਾ ਪਿਸਤੌਲ ਅਤੇ ਰਿਵਾਲਵਰ ਸਮੇਤ ਚਾਰ ਕਾਰਤੂਸ ਅਤੇ ਤਿੰਨ ਮੈਗਜ਼ੀਨ ਸ਼ਾਮਲ ਹਨ। ਮੁਲਜ਼ਮਾਂ ਪਾਸੋਂ ਦੋ ਵਾਹਨ ਮਹਿੰਦਰਾ ਐੱਕਸਯੂਵੀ (ਪੀਬੀ-09-3039) ਅਤੇ ਬ੍ਰੇਜ਼ਾ (ਪੀਬੀ-09-ਈਪੀ-7100) ਵੀ ਜ਼ਬਤ ਕੀਤੇ ਹਨ। ਗਰੋਹ ਦੇ ਸਰਗਨਾ ਸਾਬੀ ਨੇ ਮੰਨਿਆ ਕਿ ਜ਼ਬਤ ਕੀਤੇ ਹਥਿਆਰ ਜੱਗੂ ਭਗਵਾਨਪੁਰੀਆ ਗੈਂਗ ਦੇ ਅਮਨ ਉਰਫ਼ ਅੰਡਾ, ਜੋ ਇਸ ਸਮੇਂ ਜਰਮਨੀ ਵਿੱਚ ਰਹਿੰਦਾ ਹੈ, ਵੱਲੋਂ ਸਪਲਾਈ ਕੀਤੇ ਗਏ ਸਨ। ਇਹ ਹਥਿਆਰ ਬਟਾਲਾ ਵਾਸੀ ਸੰਜੂ ਉਰਫ ਸਾਹਿਲ ਕੁਮਾਰ ਜ਼ਰੀਏ ਸਪਲਾਈ ਕੀਤੇ ਗਏ ਸਨ, ਜੋ ਇਸ ਸਮੇਂ ਜੇਲ੍ਹ ਵਿੱਚ ਹੈ। ਗ੍ਰਿਫਤਾਰ ਵਿਅਕਤੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ ਦੀ ਕੋਸ਼ਿਸ਼, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਗੈਂਗ ਨਾਲ ਸਬੰਧਤ ਹਿੰਸਾ ਸਮੇਤ ਕਈ ਅਪਰਾਧਿਕ ਮਾਮਲਿਆਂ ਨਾਲ ਜੁੜੇ ਹੋਏ ਹਨ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਪੁਲੀਸ ਟੀਮਾਂ ਨੂੰ ਸੂਚਨਾ ਮਿਲੀ ਸੀ ਕਿ ਮਸ਼ਕੂਕ ਵਿਅਕਤੀ ਦੋ ਵਾਹਨਾਂ ਵਿੱਚ ਜਾ ਰਹੇ ਹਨ ਅਤੇ ਭੱਜਣ ਦੀ ਕੋਸ਼ਿਸ਼ ਵਿੱਚ ਹਨ। ਪੁਲੀਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕੀਤੀ। ਸੀਆਈਏ ਸਟਾਫ਼ ਜਲੰਧਰ ਦਿਹਾਤੀ ਦੇ ਇੰਚਾਰਜ ਅਤੇ ਥਾਣਾ ਭੋਗਪੁਰ ਦੇ ਮੁੱਖ ਅਫਸਰ ਸਿਕੰਦਰ ਸਿੰਘ ਨੇ ਪਿੰਡ ਲਹਿਰਾ ਨੇੜੇ ਨਾਕਾ ਲਗਾਇਆ ਅਤੇ ਉਨ੍ਹਾਂ ਦੀ ਬ੍ਰੇਜ਼ਾ ਗੱਡੀ ਨੂੰ ਰੋਕਣ ਵਿੱਚ ਕਾਮਯਾਬ ਹੋ ਗਏ, ਜਿਸ ਦੇ ਨਤੀਜੇ ਵਜੋਂ ਸਾਬੀ ਅਤੇ ਕੋਮਲ ਬਾਜਵਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਮਹਿੰਦਰਾ ਐਕਸਯੂਵੀ ਚਲਾ ਰਹੇ ਵਿਅਕਤੀ ਨਾਕਾਬੰਦੀ ਨੂੰ ਤੋੜ ਕੇ ਫਰਾਰ ਹੋ ਗਏ, ਜਿਨ੍ਹਾਂ ਦਾ ਪਿੱਛਾ ਕਰਨ ਤੋਂ ਬਾਅਦ ਪੁਲੀਸ ਨੇ ਗੋਰਾ ਅਤੇ ਜੁਨੇਜਾ ਨੂੰ ਮਕਸੂਦਾ ਦੇ ਜੀਂਦਾ ਰੋਡ ’ਤੇ ਕਾਬੂ ਕਰ ਲਿਆ ਅਤੇ ਪੰਜਵਾਂ ਸਾਜਨਦੀਪ ਉਰਫ਼ ਲੋਡਾ ਭੱਜਣ ਵਿੱਚ ਕਾਮਯਾਬ ਹੋ ਗਿਆ।