ਜਲੰਧਰ ਪੁਲੀਸ ਨੇ ਬਿਸ਼ਨੋਈ ਗਰੋਹ ਦੇ 8 ਮੈਂਬਰ ਕਾਬੂ ਕੀਤੇ
ਹਤਿੰਦਰ ਮਹਿਤਾ
ਜਲੰਧਰ, 8 ਫਰਵਰੀ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਇਥੋਂ ਦੀ ਕਮਿਸ਼ਨਰੇਟ ਪੁਲੀਸ ਨੇ ਫਿਰੌਤੀ, ਧਮਕੀਆਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦੇ ਅੱਠ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ 27 ਜਨਵਰੀ ਨੂੰ ਕਰਮਾ ਫੈਸ਼ਨ ਸ਼ੋਅਰੂਮ ਦੇ ਮਾਲਕ ਨੂੰ 50 ਲੱਖ ਰੁਪਏ ਦੀ ਮੋਟੀ ਰਕਮ ਦੀ ਮੰਗ ਲਈ ਉਸ ਦੀ ਦੁਕਾਨ ਅੱਗੇ ਰੌਂਦ ਵਿਚ ਧਮਕੀ ਭਰਿਆ ਪੱਤਰ ਮਿਲਿਆ ਸੀ। ਕਮਿਸ਼ਨਰੇਟ ਪੁਲੀਸ ਨੇ ਕਾਰਵਾਈ ਕਰਦਿਆਂ ਥਾਣਾ ਡਵੀਜ਼ਨ 4 ਜਲੰਧਰ ਵਿਖੇ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਰੋਹ ਦੇ ਮੈਂਬਰਾਂ ਨੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ, ਜਿਸ ਦੀ ਵਰਤੋਂ ਕਰਕੇ ਪੈਸੇ ਦੀ ਲੁੱਟ ਕੀਤੀ ਜਾਂਦੀ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਤਫ਼ਤੀਸ਼ ਦੇ ਆਧਾਰ ’ਤੇ 8 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪਿਸਤੌਲ 30 ਬੋਰ 5 ਕਾਰਤੂਸ, ਪਿਸਤੌਲ 32 ਬੋਰ 5 ਕਾਰਤੂਸ, ਦੇਸੀ ਕੱਟਾ 315 ਬੋਰ, 4 ਮੈਗਜ਼ੀਨ,ਸਪਲੈਂਡਰ ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ ਕੀਤੇ ਹਨ।