ਜਲੰਧਰ: ਖਸਤਾ ਹਾਲ ਸੜਕਾਂ ਤੋਂ ਰਾਹਗੀਰ ਖ਼ਫ਼ਾ
ਹਤਿੰਦਰ ਮਹਿਤਾ
ਜਲੰਧਰ, 27 ਅਗਸਤ
ਜਲੰਧਰ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਮੌਨਸੂਨ ਦਾ ਮੌਸਮ ਸ਼ੁਰੂ ਹੋਣ ਕਾਰਨ ਅਤੇ ਸੜਕਾਂ ‘ਤੇ ਪਾਣੀ ਇਕੱਠਾ ਹੋਣ ਕਾਰਨ ਰਾਹਗੀਰ ਆਪਣੇ ਵਾਹਨਾਂ ਦੇ ਟੋਇਆਂ ਵਿੱਚ ਫਸੇ ਹੋਣ ਜਾਂ ਪਾਣੀ ਭਰੇ ਟੋਇਆਂ ਨੂੰ ਵੇਖਣ ਵਿੱਚ ਅਸਫਲ ਰਹਿਣ ਤੇ ਹਾਦਸੇ ਵਾਪਰਨ ਦੀ ਸ਼ਿਕਾਇਤ ਕਰਦੇ ਹਨ।
ਪੁਰਾਣੀ ਰੇਲਵੇ ਰੋਡ, ਸਿਟੀ ਰੇਲਵੇ ਸਟੇਸ਼ਨ ਦੇ ਮੁੱਖ ਪ੍ਰਵੇਸ਼ ਦੁਆਰ ਨੇੜੇ ਨਵੀਂ ਰੇਲਵੇ ਰੋਡ ਅਤੇ ਦਮੋਰੀਆ ਫਲਾਈਓਵਰ ਨੇੜੇ, ਕੂਲ ਰੋਡ ਅਤੇ ਕਾਜ਼ੀ ਮੰਡੀ ਨੇੜੇ ਸੜਕ, ਜਿੱਥੇ ਵੱਡੀਆਂ ਸਨਅਤੀ ਇਕਾਈਆਂ ਸਥਿਤ ਹਨ, ਦੀ ਤਰਸਯੋਗ ਹਾਲਤ ਹੈ। ਇਸ ਤੋਂ ਇਲਾਵਾ ਫੋਕਲ ਪੁਆਇੰਟ ਤੋਂ ਲੈ ਕੇ ਲੰਮਾ ਪਿੰਡ ਚੌਕ ਤੱਕ ਦੀ ਸਰਵਿਸ ਲੇਨ ਵੀ ਟੋਇਆਂ ਨਾਲ ਭਰੀ ਹੋਈ ਹੈ ਅਤੇ ਖਸਤਾ ਹਾਲਤ ਵਿੱਚ ਹੈ। ਰਾਹਗੀਰਾਂ ਨੇ ਸ਼ਿਕਾਇਤ ਕੀਤੀ ਕਿ ਟੋਇਆਂ ਨੂੰ ਭਰਨ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਜੋ ਪੈਚ ਵਰਕ ਕੀਤਾ ਜਾ ਰਿਹਾ ਹੈ, ਉਹ ਕੰਮ ਦੀ ਗੁਣਵੱਤਾ ਅਤੇ ਸਹੀ ਨਿਗਰਾਨੀ ਦੀ ਘਾਟ ਕਾਰਨ ਇੱਕ ਮਹੀਨਾ ਵੀ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਰੌਲੇ-ਰੱਪੇ ਦੇ ਬਾਵਜੂਦ ਸਬੰਧਤ ਅਧਿਕਾਰੀ ਟੁੱਟੀਆਂ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੰਦੇ, ਜਿਸ ਕਾਰਨ ਰਾਹਗੀਰਾਂ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ।ਰੇਲਵੇ ਸਟੇਸ਼ਨ ਨੇੜੇ ਦੁਕਾਨਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਈ ਵਾਰ ਸੜਕ ’ਤੇ ਵਾਹਨ ਫਸ ਜਾਂਦੇ ਹਨ। ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਕਈ ਵਾਰ ਸੱਟਾਂ ਵੀ ਲੱਗੀਆਂ ਹਨ। ਕੁਝ ਦਿਨ ਪਹਿਲਾਂ ਇੱਕ ਦੋਪਹੀਆ ਵਾਹਨ ਸਵਾਰ ਔਰਤ ਟੋਏ ਕਾਰਨ ਤਵਾਜ਼ਨ ਵਿਗੜਨ ਕਰਕੇ ਤਿਲਕ ਗਈ ਸੀ। ਮੀਂਹ ਪੈਣ ‘ਤੇ ਕਾਫੀ ਦੇਰ ਤੱਕ ਪਾਣੀ ਸੜਕ ‘ਤੇ ਖੜ੍ਹਾ ਰਹਿੰਦਾ ਹੈ। ਯਾਤਰੀਆਂ ਨੇ ਇਸ ਬਾਰੇ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਹੈ ਪਰ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਕਿਹਾ, ‘‘ਸਰਕਾਰ ਵਿਕਾਸ ਟੈਕਸ ਲੈ ਰਹੀ ਹੈ ਪਰ ਵਿਕਾਸ ਦੇ ਨਾਂ ’ਤੇ ਅਸੀਂ ਸਿਰਫ ਖਰਾਬ ਸੜਕਾਂ, ਬੰਦ ਪਈਆਂ ਸਟਰੀਟ ਲਾਈਟਾਂ ਅਤੇ ਅਵਾਰਾ ਪਸ਼ੂਆਂ ਦਾ ਖ਼ਤਰਾ ਦੇਖ ਰਹੇ ਹਾਂ।’’ ਉਨ੍ਹਾਂ ਮੁਤਾਬਕ ਲੋਕ ਸਭਾ ਚੋਣਾਂ ਅਤੇ ਪੱਛਮੀ ਜ਼ਿਮਨੀ ਚੋਣਾਂ ਦੌਰਾਨ ਮੁੱਖ ਮੰਤਰੀ ਨੇ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਕੁਝ ਵੀ ਨਹੀਂ ਹੋਇਆ। ਲੋਕਾਂ ਨੇ ਕਿਹਾ ਕਿ ਸੜਕ ਦੀ ਸਾਂਭ-ਸੰਭਾਲ ਸਥਾਨਕ ਸਿਵਲ ਬਾਡੀ ਦੀ ਤਰਜੀਹ ਹੋਣੀ ਚਾਹੀਦੀ ਹੈ। ਸਥਾਨਕ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੇ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਆਵਾਜਾਈ ਸੁਚਾਰੂ ਹੋ ਸਕੇ ਅਤੇ ਲੋਕਾਂ ਨੂੰ ਖੱਜਲ ਖੁਆਰੀ ਤੋਂ ਰਾਹਤ ਮਿਲੇ ਸਕੇ।
ਸੜਕਾਂ ਦੀ ਮੁਰੰਮਤ ਚੱਲ ਰਹੀ ਹੈ: ਨਗਰ ਨਿਗਮ
ਨਗਰ ਨਿਗਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸ਼ਹਿਰ ਵਿੱਚ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਪਰ ਬਰਸਾਤ ਕਾਰਨ ਇਸ ਵਿੱਚ ਦੇਰੀ ਹੋ ਰਹੀ ਹੈ ਅਤੇ ਮੌਸਮ ਠੀਕ ਹੋਣ ’ਤੇ ਹੀ ਇਹ ਕੰਮ ਕਰਵਾ ਦਿੱਤਾ ਜਾਵੇਗਾ।