ਜਲੰਧਰ: ਚੰਨੀ, ਰਿੰਕੂ ਤੇ ਕੇਪੀ ਸਣੇ ਛੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ
ਪਾਲ ਸਿੰਘ ਨੌਲੀ
ਜਲੰਧਰ, 10 ਮਈ
ਜਲੰਧਰ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨੇ ਅੱਜ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਦਿੱਤੀਆਂ ਹਨ। ਅੱਜ ਛੇ ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਜਿਸ ਦੌਰਾਨ ਉਮੀਦਵਾਰਾਂ ਦੇ ਸਮਰਥਕਾਂ ਦਾ ਮੇਲਾ ਲੱਗਿਆ ਰਿਹਾ।
ਅੱਜ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ, ਭਾਜਪਾ ਦੇ ਸੁਸ਼ੀਲ ਰਿੰਕੂ ਅਤੇ ਬਸਪਾ ਦੇ ਬਲਵਿੰਦਰ ਕੁਮਾਰ ਅੇਡਵੋਕੇਟ ਨੇ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਚਰਨਜੀਤ ਸਿੰਘ ਚੰਨੀ ਨੇ ਸੀਨੀਅਰ ਕਾਂਗਰਸੀ ਆਗੂ ਹਰੀਸ਼ ਚੌਧਰੀ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਾਜ਼ਰ ਸਨ। ਮਹਿੰਦਰ ਸਿੰਘ ਕੇਪੀ ਨਾਲ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਬਲਦੇਵ ਖਹਿਰਾ ਹਾਜ਼ਰ ਸਨ ਜਦ ਕਿ ਸ਼ੁਸ਼ੀਲ ਰਿੰਕੂ ਨਾਲ ਮਨੋਰੰਜਨ ਕਾਲੀਆ ਤੇ ਕੇਡੀ ਭੰਡਾਰੀ ਹਾਜ਼ਰ ਸਨ।
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਭਾਜਪਾ ਨੂੰ ਵੋਟ ਦੇਣਾ ਆਪਣੇ ਬੱਚੇ ਨੂੰ ਜ਼ਹਿਰ ਦੇਣ ਬਰਾਬਰ ਹੈ।’’ ਇਸੇ ਦੌਰਾਨ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਰੋਡ ਸ਼ੋਅ ਦੌਰਾਨ ਕਿਹਾ ਕਿ ਅੱਜ ਦੇ ਵੱਡੇ ਇੱਕਠ ਨੇ ਸਾਬਤ ਕਰ ਦਿੱਤਾ ਹੈ ਕਿ ਜਲੰਧਰ ਦੇ ਲੋਕ ਬਾਹਰੀ ਉਮੀਦਵਾਰ ਨੂੰ ਪਸੰਦ ਨਹੀਂ ਕਰਦੇ। ਵਿਰੋਧੀ ਉਮੀਦਵਾਰਾਂ ਵੱਲੋਂ ਉਨ੍ਹਾਂ ਨੂੰ ਹਲਕੇ ਤੋਂ ਬਾਹਰਲਾ ਦੱਸਣ ਦੇ ਜਵਾਬ ’ਚ ਚੰਨੀ ਨੇ ਕਿਹਾ, ‘‘ਮੈਂ ਬਾਹਰੀ ਨਹੀਂ ਹਾਂ ਸਗੋਂ ਮੇਰੇ ਵੱਡ-ਵਡੇਰੇ ਤੇ ਜਠੇਰੇ ਇੱਧਰ ਦੋਆਬੇ ਦੇ ਹੀ ਹਨ। ‘ਆਪ’ ਉਮੀਦਵਾਰ ਪਵਨ ਟੀਨੂ ਮੈਨੂੰ ਬਾਹਰੀ ਕਹਿੰਦੇ ਹਨ ਪਰ ਪਿੰਡ ਜੈਤੇਵਾਲੀ ਵਿੱਚ ਮੇਰੇ ਗੋਤਰ ‘ਪਵਾਰਾਂ ਦੇ ਜਠੇਰੇ ਹਨ।’’ ਚੰਨੀ ਮੁਤਾਬਕ ਉਹ ਬਾਹਰੀ ਨਹੀਂ ਹਨ ਉਨ੍ਹਾਂ ਦੇ ਪੂਰਵਜ ਇੱਥੋਂ ਦੇ ਸਨ ਅਤੇ ਫਿਰ ਉਹ ਪੁਆਂਧ ਦੇ ਖੇਤਰ ਵਿੱਚ ਚਲੇ ਗਏ। ਲੋਕ ਸਭਾ ਦਾ ਉਮੀਦਵਾਰ ਹੋਣਾ ਉਨ੍ਹਾਂ ਲਈ ਘਰ ਪਰਤਣ ਵਰਗਾ ਹੈ। ਉਨ੍ਹਾਂ ਨੇ ਪਹਿਲਾਂ ਹੀ ਇੱਥੇ ਇੱਕ ਘਰ ਲੈ ਲਿਆ ਹੈ ਅਤੇ ਇੱਥੇ ਹੀ ਰਹਿਣਗੇ। ਬਸਪਾ ਉਮੀਦਵਾਰ ਬਲਵਿੰਦਰ ਕੁਆਰ ਨੇ ਵੀ ਆਪਣੇ ਸਮਰਥਕਾਂ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜਦਕਿ ਮਨਜੀਤ ਕੁਮਾਰੀ ਨੇ ਬਹੁਜਨ ਸਮਾਜ ਪਾਰਟੀ ਤੇ ਸੁਨੀਤਾ ਨੇ ਭਾਜਪਾ ਵੱਲੋਂ ਪਾਰਟੀ ਵੱਲੋਂ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ।
ਦੇਸ਼ ਅੱਜ ਮਾੜੇ ਦੌਰ ਵਿੱਚੋਂ ਲੰਘ ਰਿਹੈ: ਸੁਖਜਿੰਦਰ ਸਿੰਘ ਰੰਧਾਵਾ
ਗੁਰਦਾਸਪੁਰ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੇ ਅੱਜ ਰਿਟਨਿੰਗ ਅਧਿਕਾਰੀ ਕੋਲ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ। ਨਾਮਜ਼ਦਗੀ ਪੇਪਰ ਦਾਖ਼ਲ ਕਰਾਉਣ ਲਈ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਰੰਧਾਵਾ ਨੇ ਪਿੰਡ ਧਾਰੋਵਾਲੀ ਦੇ ਗੁਰਦੁਆਰੇ ਵਿੱਚ ਮੱਥਾ ਟੇਕਿਆ। ਮਗਰੋਂ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਲਾਕੇ ਦੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਣੇ ਪੁੱਜੇ ਅਤੇ ਆਪਣੇ ਪੇਪਰ ਦਾਖ਼ਲ ਕੀਤੇ। ਉਨ੍ਹਾਂ ਕਿਹਾ ਕਿ ਸਦਨ ਵਿੱਚ ਜਾ ਕੇ ਇਲਾਕੇ ਦੀ ਗੱਲ ਕਰਨਗੇ ਅਤੇ ਪਹਿਲ ਆਧਾਰ ਉੱਤੇ ਮੁੱਦੇ ਚੁੱਕਣਗੇ ਅਤੇ ਹੱਲ ਕਰਾਉਣਗੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਹਰ ਪੱਖੋਂ ਬਹੁਤ ਬੁਰੇ ਦੌਰ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਗੁਰਦਾਸਪੁਰ ਨੂੰ ਵਿਕਾਸ ਤੇ ਤਰੱਕੀ ਪੱਖੋਂ ਬਿਲਕੁਲ ਪਿੱਛੇ ਨਹੀਂ ਰਹਿਣ ਦੇਵੇਗੀ। ਇਸ ਮੌਕੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਪਾਰਟੀ ਉਮੀਦਵਾਰ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਸਮੁੱਚੀ ਪਾਰਟੀ ਇੱਕਜੁਟ ਹੈ। ਸਾਰੇ ਕਾਂਗਰਸੀ ਵਰਕਰ ਪਾਰਟੀ ਨੂੰ ਜਿਤਾਉਣ ਲਈ ਪੂਰੀ ਵਾਹ ਲਾਉਣਗੇ। ਇਸ ਮੌਕੇ ਵਿਧਾਇਕਾ ਅਰੁਣਾ ਚੌਧਰੀ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਹਾਜ਼ਰ ਸਨ। ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵੱਲੋਂ ਨਾਮਜ਼ਦਗੀ ਪੱਤਰ ਭਰਨ ਮੌਕੇ ਉਨ੍ਹਾਂ ਨਾਲ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਫ਼ਤਹਿਜੰਗ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਸ਼ਿਵਬੀਰ ਰਾਜਨ, ਅਸ਼ਵਨੀ ਸੇਖੜੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਮੌਜੂਦ ਸਨ।
ਅੰਮ੍ਰਿਤਸਰ: ਤਰਨਜੀਤ ਸੰਧੂ ਤੇ ਅਨਿਲ ਜੋਸ਼ੀ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ
ਅੰਮ੍ਰਿਤਸਰ (ਜਗਤਾਰ ਿਸੰਘ ਲਾਂਬਾ): ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਨੇ ਅਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਤਰਨਜੀਤ ਸੰਧੂ ਦੇ ਨਾਮਜ਼ਦਗੀ ਦਾਖਲ ਕਰਵਾਉਣ ਮੌਕੇ ਵਿਸ਼ੇਸ਼ ਤੌਰ ’ਤੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਪੁੱਜੇ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾ ਭਾਜਪਾ ਆਗੂ ਤੇ ਵਰਕਰ ਇਥੇ ਸਥਾਨਕ ਕੰਪਨੀ ਬਾਗ ਵਿਚ ਇਕੱਠੇ ਹੋਏ ਤੇ ਰੋਡ ਸ਼ੋਅ ਕਰਦੇ ਹੋਏ ਕਾਫਲੇ ਦੇ ਰੂਪ ’ਚ ਨਾਮਜ਼ਦਗੀ ਪੱਤਰ ਦਾਖਦਲ ਕਰਨ ਪੁੱਜੇ । ਜੈਸ਼ੰਕਰ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਅੰਮ੍ਰਿਤਸਰ ਦੇ ਲੋਕ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਹੀ ਚੁਣ ਕੇ ਦਿੱਲੀ ਸੰਸਦ ’ਚ ਭੇਜਣਗੇ। ਸੰਧੂ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਵਿਕਾਸ , ਉਦਯੋਗ ਤੇ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਚਾਰਾਜੋਈ ਕਰਨਗੇ। ਇਸੇ ਦੌਰਾਨ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਹ ਕਾਫਲੇ ਨਾਲ ਆਪਣੇ ਨਵੇਂ ਚੋਣ ਪ੍ਰਚਾਰ ਦਫਤਰ ਪੁੱਜੇ, ਜਿਥੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਲੈ ਕੇ ਪੂਰੇ ਉਤਸ਼ਾਹ ਨਾਲ ਰੋਡ ਮਾਰਚ ਕੀਤਾ।
ਯਾਮਿਨੀ ਗੋਮਰ ਨੇ ਵੜਿੰਗ ਦੀ ਹਾਜ਼ਰੀ ’ਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅੱਜ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਤੇ ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪੋ- ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਯਾਮਿਨੀ ਗੋਮਰ ਨਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਜ਼ਿਲ੍ਹਾ ਪ੍ਰਧਾਨ ਅਰੁਣ ਡੋਗਰਾ, ਸਾਬਕਾ ਵਿਧਾਇਕ ਪਵਨ ਆਦੀਆ ਸਨ। ਨਾਮਜ਼ਦਗੀ ਪੱਤਰ ਦਾਖ਼ਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਹੁਸ਼ਿਆਰਪੁਰ ਹਲਕੇ ’ਚ ਲੜਾਈ ਕਥਿਤ ਗੱਦਾਰੀ ਤੇ ਵਫ਼ਾਦਾਰੀ ਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਵਫ਼ਾਦਾਰੀ ਨੂੰ ਜਿਤਾਉਣਗੇ। ਉਨ੍ਹਾਂ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਨੇ ਐਨ ਮੌਕੇ ਪਾਰਟੀ ਛੱਡ ਕੇ ਕਾਂਗਰਸ ਨਾਲ ਵਿਸ਼ਵਾਸਘਾਤ ਕੀਤਾ ਜਿਸ ਦਾ ਖਮਿਆਜ਼ਾ ਉਹ ਜ਼ਰੂਰ ਭੁਗਤਣਗੇ। ਉਨ੍ਹਾਂ ਕਿਹਾ ਕਿ ਉਹ ਇਹ ਗੱਲ ਲਿਖ ਕੇ ਦਿੰਦੇ ਹਨ ਕਿ ਡਾ. ਰਾਜ ਚੌਥੇ ਨੰਬਰ ’ਤੇ ਰਹਿਣਗੇ। ਉਨ੍ਹਾਂ ਕਿਹਾ ਕਿ ਡਾ. ਰਾਜ 6 ਮਹੀਨਿਆਂ ਦੇ ਅੰਦਰ-ਅੰਦਰ ਭਾਜਪਾ ’ਚ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਆਪਣਾ ਕੋਈ ਵਾਲੰਟੀਅਰ ਕਾਬਲ ਨਹੀਂ ਲੱਗਿਆ ਜਿਸ ਕਰਕੇ ਉਨ੍ਹਾਂ ਕਾਂਗਰਸ ਤੋਂ ਲੈ ਕੇ ਉਮੀਦਵਾਰ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਯਾਮਿਨੀ ਗੋਮਰ ਇਕ ਆਮ ਘਰ ਦੀ ਪੜ੍ਹੀ ਲਿਖੀ ਕੁੜੀ ਹੈ ਜੋ ਲੋਕਾਂ ਦੀ ਤਨਦੇਹੀ ਨਾਲ ਸੇਵਾ ਕਰੇਗੀ। ਦੂਜੇ ਪਾਸੇ ‘ਆਪ’ ਉਮੀਦਵਾਰ ਚੱਬੇਵਾਲ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੀ ਹਾਜ਼ਰ ਸਨ। ਨਾਮਜ਼ਦਗੀ ਭਰਨ ਤੋਂ ਪਹਿਲਾਂ ਉਨ੍ਹਾਂ ਸ਼ਹਿਰ ’ਚ ਰੋਡ ਸ਼ੋਅ ਵੀ ਕੱਢਿਆ।