ਜਲੰਧਰ: ਵੱਖ-ਵੱਖ ਥਾਣਿਆਂ 'ਚ ਤਾਇਨਾਤ ਪੰਜ ਅਧਿਕਾਰੀ ਮੁਅੱਤਲ
ਹਤਿੰਦਰ ਮਹਿਤਾ
ਜਲੰਧਰ, 19 ਸਤੰਬਰ
ਜਵਾਬਦੇਹੀ ਯਕੀਨੀ ਬਣਾਉਣ ਲਈ ਇੱਕ ਵੱਡੀ ਕਾਰਵਾਈ ਕਰਦਿਆਂ, ਜਲੰਧਰ ਦਿਹਾਤੀ ਪੁਲੀਸ ਨੇ ਡਿਊਟੀ ਵਿੱਚ ਕੁਤਾਹੀ ਕਰਨ ਬਦਲੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਅਣਗਹਿਲੀ ਅਤੇ ਲਾਪ੍ਰਵਾਹੀ, ਖਾਸ ਤੌਰ 'ਤੇ ਅਲਾਵਲਪੁਰ ਚੌਕੀ ਦੇ ਅਧਿਕਾਰ ਖੇਤਰ ਦੇ ਅੰਦਰ ਵਾਰ-ਵਾਰ ਆਈਆਂ ਜਨਤਕ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਹੈ।
ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿਚ ਏਐੱਸਆਈ ਰਾਜਿੰਦਰ ਕੁਮਾਰ ਚੌਕੀ ਇੰਚਾਰਜ ਅਲਾਵਲਪੁਰ, ਥਾਣਾ ਲੋਹੀਆਂ ਵਿਖੇ ਤਾਇਨਾਤ ਏਐੱਸਆਈ ਅਵਤਾਰ ਸਿੰਘ, ਥਾਣਾ ਭੋਗਪੁਰ ਵਿਖੇ ਤਾਇਨਾਤ ਏਐੱਸਆਈ/ਐੱਲਆਰ ਜਸਵਿੰਦਰ ਸਿੰਘ ਅਤੇ ਕਾਂਸਟੇਬਲ ਬਿਕਰਮਜੀਤ ਸਿੰਘ, ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ ਤੇ ਕਾਂਸਟੇਬਲ ਆਰੀਅਨਪ੍ਰੀਤ ਸਿੰਘ ਸ਼ਾਮਲ ਹਨ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ, ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ, “ਵਿਭਾਗ ਨੇ ਇਨ੍ਹਾਂ ਅਧਿਕਾਰੀਆਂ ਵਿਰੁੱਧ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹਿਣ ਲਈ ਸਖ਼ਤ ਕਾਰਵਾਈ ਕੀਤੀ ਹੈ, ਜਿਸ ਕਾਰਨ ਕਈ ਜਨਤਕ ਸ਼ਿਕਾਇਤਾਂ ਆਈਆਂ ਅਤੇ ਲੋਕਾਂ ਵਿੱਚ ਬੇਚੈਨੀ ਪੈਦਾ ਹੋਈ ਹੈ। ਪੁਲੀਸ ਅਧਿਕਾਰੀਆਂ ਦੀ ਲਾਪ੍ਰਵਾਹੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ ਇਨ੍ਹਾਂ ਖ਼ਿਲਾਫ਼ ਵਿਭਾਗ ਜਾਂਚ ਦੇ ਹੁਕਮ ਦਿੱਤੇ ਗਏ ਹਨ।