ਜਲੰਧਰ: ਲੁੱਟ ਦੀ ਝੂਠੀ ਵਾਰਦਾਤ ਦਾ ਪਰਦਾਫਾਸ਼
ਹਤਿੰਦਰ ਮਹਿਤਾ
ਜਲੰਧਰ, 28 ਅਗਸਤ
ਜਲੰਧਰ ਦਿਹਾਤੀ ਪੁਲੀਸ ਨੇ ਇੱਕ ਮਨਘੜਤ ਲੁੱਟ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ ਅਤੇ ਸੈਮ ਵਜੋਂ ਹੋਈ ਹੈ ਜਿਨ੍ਹਾਂ ’ਤੇ ਧੋਖਾਧੜੀ ਅਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਲੰਧਰ ਦਿਹਾਤੀ ਦੇ ਸੀਨੀਅਰ ਪੁਲੀਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲੀਸ ਨੂੰ ਐਮਰਜੈਂਸੀ ਹੈਲਪਲਾਈਨ 112 ’ਤੇ ਨਕੋਦਰ-ਮਲਸੀਆਂ ਰੋਡ ਉੱਤੇ ਲੁੱਟ-ਖੋਹ ਦੀ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਐੱਸਐੱਚਓ ਸ਼ਾਹਕੋਟ, ਐੱਸਐੱਚਓ ਨਕੋਦਰ ਅਤੇ ਸੀਆਈਏ ਸਟਾਫ ਦੀ ਟੀਮ ਨੇ ਡੀਐੱਸਪੀ ਨਕੋਦਰ ਦੀ ਨਿਗਰਾਨੀ ਹੇਠ ਜਾਂਚ ਸ਼ੁਰੂ ਕੀਤੀ ਜਿਸ ਦੌਰਾਨ ਸੀਸੀਟੀਵੀ ਫੁਟੇਜ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਪਤਾ ਲੱਗਿਆ ਕਿ ਅਜਿਹੀ ਕੋਈ ਲੁੱਟ ਨਹੀਂ ਹੋਈ। ਮੁੱਢਲੀ ਤਫਤੀਸ਼ ਦੌਰਾਨ ਦੋਵਾਂ ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕਰ ਲਈ। ਜਾਂਚ ਤੋਂ ਪਤਾ ਲੱਗਾ ਕਿ ਕਰਮਚਾਰੀਆਂ ਨੇ ਚੋਰੀ ਕੀਤੇ ਫੰਡਾਂ ਨੂੰ ਬਰਾਬਰ ਵੰਡਣ ਦੇ ਇਰਾਦੇ ਨਾਲ, ਹਿੰਸਕ ਡਕੈਤੀ ਦੀ ਨਕਲ ਕਰਨ ਲਈ ਜਾਣਬੁੱਝ ਕੇ ਆਪਣੇ ਕੱਪੜੇ ਪਾੜ ਦਿੱਤੇ ਸਨ। ਪੁਲੀਸ ਨੇ ਗਬਨ ਕੀਤੀ ਰਕਮ ਦੀ ਪੂਰੀ ਰਿਕਵਰੀ ਕੀਤੀ ਹੈ। ਐੱਸਐੱਸਪੀ ਖੱਖ ਨੇ ਈਆਰਵੀ ਟੀਮਾਂ ਦੀ ਚੌਕਸੀ ਲਈ ਸ਼ਲਾਘਾ ਕੀਤੀ, ਜਿਨ੍ਹਾਂ ਨੇ ਕਥਿਤ ਦੋਸ਼ੀਆਂ ਨੂੰ ਫੜਨ ਅਤੇ ਕੰਪਨੀ ਦੇ ਫੰਡਾਂ ਦੀ ਦੁਰਵਰਤੋਂ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।