ਜਲੰਧਰ: ਡੀਸੀ ਵੱਲੋਂ ਵੋਟਰਾਂ ਦੀ ਸੌ ਫ਼ੀਸਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੇ ਹੁਕਮ
ਪੱਤਰ ਪ੍ਰੇਰਕ
ਜਲੰਧਰ, 6 ਨਵੰਬਰ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੇ ਸਮੂਹ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਯੋਗ ਵੋਟਰਾਂ ਖਾਸ ਕਰਕੇ 18 ਤੋਂ 19 ਸਾਲ ਦੇ ਨੌਜਵਾਨ ਲੜਕੇ ਤੇ ਲੜਕੀਆਂ ਦੀ 100 ਫੀਸਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ। ਉਨ੍ਹਾਂ ਡੀਈਓ ਅਤੇ ਏ.ਈ.ਆਰ.ਓਜ਼ ਨੂੰ ਕਿਹਾ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਟੈਕਨੀਕਲ ਇੰਸਟੀਚਿਊਟਜ਼ ਤੇ ਪੌਲੀਟੈਕਨਿਕ ਤੇ ਨਰਸਿੰਗ ਕਾਲਜਾਂ ਵਿੱਚ ਪੜ੍ਹਦੇ ਯੋਗ ਵਿਦਿਆਰਥੀਆਂ ਦੇ ਫਾਰਮ ਨੰਬਰ 6 ਭਰਵਾ ਕੇ ਵੋਟਰ ਵਜੋਂ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਤੀਜੇ ਲਿੰਗ ਅਤੇ ਵਿਸ਼ੇਸ਼ ਲੋੜਾਂ ਵਾਲੇ ਯੋਗ ਵਿਅਕਤੀਆਂ ਤੇ ਓਵਰਸੀਜ਼ ਵੋਟਰਾਂ ਦੀ ਵੋਟਰ ਵਜੋਂ ਰਜਿਸਟਰੇਸ਼ਨ ਲਈ ਸਪੈਸ਼ਲ ਵੋਟਰ ਰਜਿਸਟ੍ਰੇਸ਼ਨ ਕੈਂਪ ਲਾਏ ਜਾਣ ਅਤੇ ਗੈਰ-ਸਰਕਾਰੀ ਸੰਸਥਾਵਾਂ ਨਾਲ ਤਾਲਮੇਲ ਕਰ ਕੇ ਵੱਧ ਤੋਂ ਵੱਧ ਵੋਟਰਾਂ ਵਜੋਂ ਦਰਜ ਕੀਤਾ ਜਾਵੇ। ਡੀਸੀ ਨੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਦਫ਼ਤਰ ਦੇ ਮੁੱਖ ਦਾਖਲਾ ਗੇਟਾਂ ’ਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਬੈਨਰ, ਪੋਸਟਰ ਆਦਿ ਲਗਵਾਏ ਜਾਣ। ਉਨ੍ਹਾਂ ਏ.ਈ.ਆਰ.ਓਜ਼ ਨੂੰ ਹਦਾਇਤ ਕੀਤੀ ਕਿ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਚਾਰ ਯੋਗਤਾ ਮਤਿੀਆਂ ਜਿਵੇਂ 1 ਜਨਵਰੀ, 1 ਅਪਰੈਲ, 1 ਜੁਲਾਈ ਅਤੇ 1 ਅਕਤੂਬਰ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ।