ਜਲੰਧਰ: ਨਿਗਮ ਕਮਿਸ਼ਨਰ ਵੱਲੋਂ ਬਜਟ ਰਿਕਵਰੀ ਵਧਾਉਣ ਦੇ ਹੁਕਮ
ਪੱਤਰ ਪ੍ਰੇਰਕ
ਜਲੰਧਰ, 28 ਮਾਰਚ
ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰ ਕੇ ਇਸ ਵਿੱਤੀ ਸਾਲ ਦੀ ਬਜਟ ਰਿਕਵਰੀ ਅਤੇ ਬਾਕੀ ਰਹਿੰਦੇ ਤਿੰਨ ਦਿਨਾਂ ਵਿੱਚ ਰਿਕਵਰੀ ਵਧਾਉਣ ਦੀ ਸੰਭਾਵਨਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਗਲੇ ਸਾਲ ਭਾਵ 2024-25 ਦੇ ਟੀਚੇ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਅਤੇ ਬਿਲਡਿੰਗ ਵਿਭਾਗ ਨੂੰ ਅਗਲੇ ਸਾਲ ਦਾ ਬਜਟ 60 ਕਰੋੜ ਰੁਪਏ ਤੱਕ ਵਧਾਉਣ ਲਈ ਕਿਹਾ ਹੈ।
ਬਿਲਡਿੰਗ ਵਿਭਾਗ ਨੇ ਵਿੱਤੀ ਸਾਲ 2023-24 ਲਈ 48 ਕਰੋੜ ਰੁਪਏ ਦੀ ਵਸੂਲੀ ਕਰਨੀ ਸੀ ਪਰ ਹੁਣ ਤੱਕ 40 ਕਰੋੜ ਰੁਪਏ ਦੀ ਵਸੂਲੀ ਹੋ ਸਕੀ ਹੈ। ਇਸੇ ਤਰ੍ਹਾਂ ਕਮਿਸ਼ਨਰ ਨੇ ਪ੍ਰਾਪਰਟੀ ਟੈਕਸ ਵਿੰਗ ਨੂੰ ਅਗਲੇ ਵਿੱਤੀ ਸਾਲ ਲਈ ਆਪਣਾ ਬਜਟ 45 ਕਰੋੜ ਰੁਪਏ ਤੋਂ ਵਧਾ ਕੇ 70 ਕਰੋੜ ਰੁਪਏ ਕਰਨ ਲਈ ਵੀ ਕਿਹਾ ਹੈ ਪਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਟੀਚਾ ਹਾਸਲ ਕਰਨਾ ਮੁਸ਼ਕਲ ਹੋਵੇਗਾ, ਇਸ ਲਈ ਉਹ ਇਸ ਵਿੱਚ 50 ਕਰੋੜ ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲ ਸਪਲਾਈ ਵਿੰਗ ਦੇ ਅਧਿਕਾਰੀਆਂ ਨੂੰ ਅਗਲੇ ਸਾਲ ਦਾ ਟੀਚਾ 18 ਕਰੋੜ ਰੁਪਏ ਤੋਂ ਵਧਾ ਕੇ 22 ਕਰੋੜ ਰੁਪਏ ਕੀਤਾ ਗਿਆ ਹੈ। ਇਸ ਸਾਲ ਜਲ ਸਪਲਾਈ ਵਿੰਗ ਨੇ 16.5 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਕਮਿਸ਼ਨਰ ਵੱਲੋਂ ਲਾਇਸੈਂਸ ਸ਼ਾਖਾ ਲਈ 1.5 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ।
ਵਿਭਾਗ ਦੇ ਮੁਖੀਆਂ ਨੇ ਕਮਿਸ਼ਨਰ ਨੂੰ ਕਿਹਾ ਕਿ ਚੋਣਾਂ ਸਮੇਂ ਰਿਕਵਰੀ ਨੂੰ ਲਾਗੂ ਕਰਨਾ ਮੁਸ਼ਕਲ ਹੈ। ਜ਼ਿਕਰਯੋਗ ਹੈ ਕਿ ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ ਨੇ ਹਾਲ ਹੀ ਵਿੱਚ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿੰਗ ਨਾਲ ਸਮੀਖਿਆ ਮੀਟਿੰਗ ਕੀਤੀ ਸੀ। ਵਿਭਾਗ ਨੇ ਇਸ ਵਿੱਤੀ ਸਾਲ ਵਿੱਚ ਹੁਣ ਤੱਕ 43 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ 31 ਮਾਰਚ ਨੂੰ ਖਤਮ ਹੋਣ ਵਾਲੀ ਯਕਮੁਸ਼ਤ ਨਿਪਟਾਰਾ ਸਕੀਮ ਤਹਿਤ ਵੱਧ ਤੋਂ ਵੱਧ ਵਸੂਲੀ ਯਕੀਨੀ ਬਣਾਉਣ।
ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਟੈਕਸ ਤੇ ਹੋਰ ਤਰ੍ਹਾਂ ਦੀ ਰਾਸ਼ੀ ਜਮ੍ਹਾਂ ਕਰਵਾਉਣ ਲਈ ਅਧਿਕਾਰੀਆਂ ਅਤੇ ਮੁਲਜ਼ਮਾਂ ਨੂੰ ਦਫਤਰ ਵਿੱਚ ਤਾਇਨਾਤ ਰਹਿਣ ਲਈ ਕਿਹਾ ਗਿਆ ਹੈ।
ਅੰਮ੍ਰਿਤਸਰ ਦੇ ਜਲ ਸਪਲਾਈ ਤੇ ਸੀਵਰੇਜ ਵਿਭਾਗ ਨੇ 11 ਕਰੋੜ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ(ਖੇਤਰੀ ਪ੍ਰਤੀਨਿਧ): ਜਲ ਸਪਲਾਈ ਅਤੇ ਸੀਵਰੇਜ ਵਿਭਾਗ ਨੇ ਅੱਜ ਤੱਕ ਕੁੱਲ 11 ਕਰੋੜ ਰੁਪਏ ਵਸੂਲੀ ਦਾ ਅੰਕੜਾ ਪਾਰ ਕੀਤਾ ਹੈ। ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਸਕੱਤਰ ਰਾਜਿੰਦਰ ਸ਼ਰਮਾ ਦੀ ਰਿਪੋਰਟ ਅਨੁਸਾਰ ਸਰਕਾਰੀ ਵਿਭਾਗਾਂ ਜਿਵੇਂ ਗੁਰੂ ਨਾਨਕ ਹਸਪਤਾਲ, ਈਐੱਸਆਈ ਹਸਪਤਾਲ, ਲੋਕ ਨਿਰਮਾਣ ਵਿਭਾਗ, ਆਮਦਨ ਕਰ ਵਿਭਾਗ ਅਤੇ ਹੋਰਾਂ ਵੱਲ ਪਾਣੀ ਅਤੇ ਸੀਵਰੇਜ਼ ਦੇ ਲੱਖਾਂ ਬਿੱਲ ਬਕਾਇਆ ਹਨ। ਵਿਭਾਗ ਬਿੱਲਾਂ ਦੀ ਵਸੂਲੀ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਜਲ ਸਪਲਾਈ ਅਤੇ ਸੀਵਰੇਜ ਵਿਭਾਗ ਨੇ ਸਰਕਾਰੀ ਮੈਂਟਲ ਹਸਪਤਾਲ ਤੋਂ ਪਾਣੀ ਅਤੇ ਸੀਵਰੇਜ ਦੇ ਬਕਾਏ ਵਜੋਂ 47.72 ਲੱਖ ਰੁਪਏ ਦੀ ਅਦਾਇਗੀ ਪ੍ਰਾਪਤ ਕੀਤੀ, ਜਦਕਿ ਬਿੱਲ ਵਿਚੋਂ ਅਜੇ ਵੀ 10 ਲੱਖ ਰੁਪਏ ਦੀ ਰਾਸ਼ੀ ਦੀ ਵਸੂਲੀ ਹੋਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਗਲੇ ਤਿੰਨ ਦਿਨ ਨਗਰ ਨਿਗਮ ਵਿੱਚ ਛੁੱਟੀ ਹੈ, ਪਰ ਫਿਰ ਵੀ ਵਾਟਰ ਸਪਲਾਈ ਅਤੇ ਸੀਵਰੇਜ ਦੇ ਬਿੱਲਾਂ ਦੀ ਬਕਾਇਆ ਅਦਾਇਗੀ ਸੀ.ਐਫ.ਸੀ ਸੈਂਟਰ ਵਿੱਚ ਹੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਦਿਨਾਂ ਵਿੱਚ ਛੁੱਟੀ ਹੋਣ ਦੇ ਬਾਵਜੂਦ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਫੀਲਡ ਵਿੱਚ ਜਾ ਕੇ ਅਤੇ ਦਫ਼ਤਰ ਵਿੱਚ ਬੈਠ ਕੇ ਲੋਕਾਂ ਤੋਂ ਬਕਾਇਆ ਅਦਾਇਗੀਆਂ ਦੀ ਵਸੂਲੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਛੁੱਟੀ ਦੇ ਬਾਵਜੂਦ ਪ੍ਰਾਪਰਟੀ ਟੈਕਸ ਅਤੇ ਲਾਇਸੈਂਸ ਫੀਸ ਵੀ ਵਸੂਲੀ ਜਾਵੇਗੀ।