ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਫ਼ਰਜ਼ੀ ਡਿਗਰੀਆਂ ਦੇਣ ਵਾਲੇ ਰੈਕੇਟ ਦਾ ਪਰਦਾਫਾਸ਼
ਹਤਿੰਦਰ ਮਹਿਤਾ
ਜਲੰਧਰ, 29 ਸਤੰਬਰ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਪੁਲੀਸ ਕਮਿਸ਼ਨਰੇਟ ਨੇ ਗ੍ਰਿਫ਼ਤਾਰ ਕੀਤੇ ਦੋ ਮੁਲਜ਼ਮਾਂ ਕੋਲੋਂ 196 ਜਾਅਲੀ ਡਿਗਰੀਆਂ ਬਰਾਮਦ ਕਰ ਕੇ ਫ਼ਰਜ਼ੀ ਡਿਗਰੀ ਘੁਟਾਲੇ ਵਿੱਚ ਸ਼ਾਮਲ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਚੱਲ ਰਿਹਾ ਹੈ, ਜੋ ਜਾਅਲੀ ਡਿਗਰੀਆਂ ਦਾ ਕਾਰੋਬਾਰ ਕਰ ਰਿਹਾ ਸੀ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਪੁਸ਼ਕਰ ਗੋਇਲ ਵਾਸੀ ਮੇਨ ਬਾਜ਼ਾਰ ਨੇੜੇ ਆਟਾ ਚੱਕੀ, ਫੱਤੂ ਢੀਂਗਾ ਕਪੂਰਥਲਾ ਹਾਲ ਵਾਸੀ ਕੋਠੀ ਨੰਬਰ 96ਏ, ਗਰੀਨ ਪਾਰਕ ਜਲੰਧਰ ਅਤੇ ਵਰਿੰਦਰ ਕੁਮਾਰ ਵਾਸੀ 253, ਮੋਤਾ ਸਿੰਘ ਨਗਰ, ਜਲੰਧਰ ਨੂੰ ਗਿ੍ਫ਼ਤਾਰ ਕੀਤਾ ਹੈ| ਮੁਲਜ਼ਮਾਂ ਕੋਲੋਂ ਕੁੱਲ 196 ਜਾਅਲੀ ਡਿਗਰੀਆਂ, 53 ਸਟੈਂਪਾਂ, 16 ਪਾਸਪੋਰਟ, ਛੇ ਲੈਪਟਾਪ, ਤਿੰਨ ਪ੍ਰਿੰਟਰ, ਇੱਕ ਸਟੈਂਪ ਬਣਾਉਣ ਵਾਲੀ ਮਸ਼ੀਨ ਅਤੇ ਅੱਠ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਇੰਜਨੀਅਰਿੰਗ, ਮੈਡੀਕਲ, ਮੈਨੇਜਮੈਂਟ ਸਮੇਤ ਵੱਖ-ਵੱਖ ਕੋਰਸਾਂ ਲਈ ਫ਼ਰਜ਼ੀ ਡਿਗਰੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਗਰੋਹ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹੋਰਾਂ ਕਈ ਰਾਜਾਂ ਵਿੱਚ ਕੰਮ ਕਰਦਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਵਿੱਚ ਫ਼ਰਜ਼ੀ ਡਿਗਰੀਆਂ ਸਪਲਾਈ ਕਰਨ ਵਾਲਿਆਂ ਦੇ ਦੇਸ਼ਵਿਆਪੀ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।