For the best experience, open
https://m.punjabitribuneonline.com
on your mobile browser.
Advertisement

ਜਲੰਧਰ ਜ਼ਿਮਨੀ ਚੋਣ ਦੀ ਕਮਾਨ ਦੋ ਦਰਜਨ ਵਿਧਾਇਕਾਂ ਤੇ ਵਜ਼ੀਰਾਂ ਹੱਥ

07:58 AM Jun 22, 2024 IST
ਜਲੰਧਰ ਜ਼ਿਮਨੀ ਚੋਣ ਦੀ ਕਮਾਨ ਦੋ ਦਰਜਨ ਵਿਧਾਇਕਾਂ ਤੇ ਵਜ਼ੀਰਾਂ ਹੱਥ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 21 ਜੂਨ
ਆਮ ਆਦਮੀ ਪਾਰਟੀ ਨੇ (ਜਲੰਧਰ ਪੱਛਮੀ) ਦੀ ਜ਼ਿਮਨੀ ਚੋਣ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ‘ਆਪ’ ਸਰਕਾਰ ਦੇ ਵਿਧਾਇਕ ਤੇ ਮੰਤਰੀ ਵਾਰਡ ਇੰਚਾਰਜ ਵਜੋਂ ਨਿਯੁਕਤ ਕਰ ਦਿੱਤੇ ਗਏ ਹਨ। ‘ਆਪ’ ਦੇ ਸੰਗਠਨ ਸਕੱਤਰ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਚੋਣ ਸਬੰਧੀ 20 ਜੂਨ ਨੂੰ ਮੀਟਿੰਗ ਕੀਤੀ ਸੀ। ਮੀਟਿੰਗ ਮਗਰੋਂ ਹੁਣ ਪਾਰਟੀ ਦੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਚੋਣ ਦੀ ਕਮਾਨ ਸੌਂਪ ਦਿੱਤੀ ਗਈ ਹੈ। ਕਈ ਮੰਤਰੀਆਂ ਤੇ ਵਿਧਾਿੲਕਾਂ ਨੇ ਹਲਕੇ ਵਿੱਚ ਲਾਏ ਡੇਰੇ, ਜਦੋਂ ਿਕ ਕਈਆਂ ਦੇ ਛੇਤੀ ਪੁੱਜਣ ਦੀ ਆਸ ਹੈ।
ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਦਾ ਦਾਗ਼ ਧੋਣ ਲਈ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਜਿੱਤਣ ਲਈ ਪੂਰਾ ਤਾਣ ਲਾਏਗੀ। ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਵੀ ਜਲੰਧਰ ਵਿੱਚ ਚੋਣ ਪ੍ਰਚਾਰ ਦੀ ਅਗਵਾਈ ਕਰਨਗੇ। ਜਲੰਧਰ ਪੱਛਮੀ ਹਲਕੇ ਵਿੱਚ 23 ਵਾਰਡ ਪੈਂਦੇ ਹਨ ਅਤੇ ਹਰ ਵਾਰਡ ਦੀ ਜ਼ਿੰਮੇਵਾਰੀ ਵਿਧਾਇਕ ਜਾਂ ਮੰਤਰੀ ਨੂੰ ਦਿੱਤੀ ਗਈ ਹੈ। 22 ਜੂਨ ਤੋਂ ਮੰਤਰੀਆਂ ਅਤੇ ਵਿਧਾਇਕਾਂ ਸਣੇ 23 ਉੱਘੇ ਆਗੂ ਚੋਣ ਪ੍ਰਚਾਰ ਲਈ ਡਟ ਜਾਣਗੇ।
ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਬੁਲਾਈ ਮੀਟਿੰਗ ਵਿੱਚ 23 ਮੰਤਰੀਆਂ ਤੇ ਵਿਧਾਇਕਾਂ ਨੂੰ ਸੱਦਿਆ ਗਿਆ ਸੀ। ਹਰ ਵਾਰਡ ਵਿਚ ਇੱਕ ਵਿਧਾਇਕ ਜਾਂ ਮੰਤਰੀ ਤਾਇਨਾਤ ਹੋਵੇਗਾ ਜਿਸ ਅਧੀਨ ਸੂਬਾ ਪੱਧਰੀ ਬੋਰਡਾਂ ਤੇ ਕਾਰਪੋਰੇਸ਼ਨ ਦੇ ਚੇਅਰਮੈਨ ਚੋਣ ਪ੍ਰਚਾਰ ਦਾ ਕੰਮ ਕਰਨਗੇ। ਇਸ ਸਬੰਧੀ ਕੈਬਨਿਟ ਵਜ਼ੀਰ ਕੁਲਦੀਪ ਸਿੰਘ ਧਾਲੀਵਾਲ, ਬਲਜੀਤ ਕੌਰ, ਲਾਲਜੀਤ ਸਿੰਘ ਭੁੱਲਰ, ਲਾਲ ਚੰਦ ਕਟਾਰੂਚੱਕ, ਹਰਪਾਲ ਸਿੰਘ ਚੀਮਾ ਤੋਂ ਇਲਾਵਾ ਕਈ ਵਿਧਾਇਕਾਂ ਦੀ ਡਿਊਟੀ ਲਾਈ ਗਈ ਹੈ।
ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਲਵਿੰਦਰ ਸਿੰਘ ਕੰਗ ਹਵਾਲੇ ਵੀ ਵਾਰਡ ਕੀਤੇ ਗਏ ਹਨ। ਜਲੰਧਰ ਪੱਛਮੀ ਹਲਕੇ ਵਿੱਚ 181 ਬੂਥ ਪੈਂਦੇ ਹਨ ਅਤੇ ਹਰ ਬੂਥ ਦਾ ਇੰਚਾਰਜ ਸੂਬਾ ਪੱਧਰੀ ਚੇਅਰਮੈਨ ਜਾਂ ਅਹਿਮ ਅਹੁਦੇਦਾਰਾਂ ਨੂੰ ਲਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਚੋਣ ਲਈ ਰਣਨੀਤੀ ਘੜੀ ਹੈ ਅਤੇ ਉਹ ਇਸ ਚੋਣ ਨੂੰ ਜਿੱਤਣ ਲਈ ਜ਼ਿਆਦਾ ਸਮਾਂ ਜਲੰਧਰ ਪੱਛਮੀ ਹਲਕੇ ਨੂੰ ਹੀ ਦੇਣਗੇ। ‘ਆਪ’ ਨੇ ਇਸ ਹਲਕੇ ਤੋਂ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਹੈ।
ਜਿਨ੍ਹਾਂ ਦੀ ਇਸ ਚੋਣ ਸਬੰਧੀ ‘ਆਪ’ ਪਾਰਟੀ ਨੇ ਡਿਊਟੀ ਲਗਾਈ ਗਈ ਹੈ, ਉਹ ਮੰਤਰੀ ਅਤੇ ਵਿਧਾਇਕ ਭਲਕੇ ਜਲੰਧਰ ਪੁੱਜ ਜਾਣਗੇ। ਰਾਜ ਸਭਾ ਮੈਂਬਰ ਸੰਦੀਪ ਪਾਠਕ ਸਮੁੱਚੇ ਚੋਣ ਪ੍ਰਚਾਰ ਦੀ ਨਿਗਰਾਨੀ ਕਰਨਗੇ। ਸੂਤਰ ਆਖਦੇ ਹਨ ਕਿ ਪਾਰਟੀ ਵੱਲੋਂ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਹਦਾਇਤਾਂ ਹਨ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ‘ਆਪ’ ਦੀ ਜਿੱਤ ਯਕੀਨੀ ਬਣਾਈ ਜਾਵੇ।

Advertisement

Advertisement
Advertisement
Author Image

Advertisement