ਜਲੰਧਰ: ਬਸਪਾ ਵੱਲੋਂ ਅਮਿਤ ਸ਼ਾਹ ਅਤੇ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
ਜਲੰਧਰ, 24 ਦਸੰਬਰ
ਕੇਂਦਰ ਸਰਕਾਰ ਵਿੱਚ ਗ੍ਰਹਿ ਮੰਤਰੀ ਤੇ ਭਾਜਪਾ ਆਗੂ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਕੀਤੀ ਗਈ ਅਪਮਾਨਜਨਕ ਟਿੱਪਣੀ ਖ਼ਿਲਾਫ਼ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਵੱਲੋਂ ਦਿੱਤੇ ਦੇਸ਼ ਵਿਆਪੀ ਪ੍ਰਦਰਸ਼ਨਾਂ ਦੇ ਸੱਦੇ ਤਹਿਤ ਜਲੰਧਰ ਵਿੱਚ ਵੀ ਅਮਿਤ ਸ਼ਾਹ ਤੇ ਭਾਜਪਾ ਖਿਲਾਫ਼ ਬਸਪਾ ਵੱਲੋਂ ਤਿੱਖਾ ਪ੍ਰਦਰਸ਼ਨ ਕੀਤਾ ਗਿਆ। ਜਲੰਧਰ ਵਿੱਚ ਬਸਪਾ ਦੇ ਪ੍ਰਦਰਸ਼ਨ ਦੀ ਅਗਵਾਈ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਪਹਿਲਾਂ ਬੀਐੱਸਐੱਫ ਚੌਕ ਲਾਡੋਵਾਲੀ ਰੋਡ ਇਕੱਠੇ ਹੋਏ ਤੇ ਮਾਰਚ ਦੇ ਰੂਪ ਵਿੱਚ ਅਮਿਤ ਸ਼ਾਹ ਤੇ ਭਾਜਪਾ ਖਿਲਾਫ਼ ਪ੍ਰਦਰਸ਼ਨ ਕਰਦੇ ਡੀਸੀ ਦਫ਼ਤਰ ਜਲੰਧਰ ਪਹੁੰਚੇ ਤੇ ਉੱਥੇ ਧਰਨਾ ਵੀ ਦਿੱਤਾ। ਮਾਰਚ ਦੌਰਾਨ ਬਸਪਾ ਵਰਕਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਡਾ. ਭੀਮ ਰਾਓ ਅੰਬੇਡਕਰ ਖਿਲਾਫ਼ ਕੀਤੀ ਟਿੱਪਣੀ ਲਈ ਉਹ ਮੁਆਫ਼ੀ ਮੰਗਣ। ਮਾਰਚ ਦੌਰਾਨ ਬਸਪਾ ਵਰਕਰਾਂ ਨੇ ਹੱਥ ਪਾਰਟੀ ਦੇ ਨੀਲੇ ਝੰਡੇ ਤੇ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ਕਿ ਭਾਜਪਾ ਬਿਨਾਂ ਸ਼ਰਤ ਮੁਆਫ਼ੀ ਮੰਗੇ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਡਾ. ਕਰੀਮਪੁਰੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਹ ਨੇ ਬਾਬਾ ਸਾਹਿਬ ਖਿਲਾਫ਼ ਅਪਮਾਨਜਨਕ ਟਿੱਪਣੀ ਕਰ ਕੇ ਬਾਬਾ ਸਾਹਿਬ ਦੇ ਕਰੋੜਾਂ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਹਨ ਤੇ ਉਨ੍ਹਾਂ ਦੇ ਸੰਘਰਸ਼ ਕਰਕੇ ਹੀ ਸਦੀਆਂ ਤੋਂ ਸ਼ੋਸ਼ਿਤ ਦਲਿਤ ਪਛੜੇ ਵਰਗਾਂ ਤੇ ਔਰਤਾਂ ਨੂੰ ਬਰਾਬਰੀ ਦੇ ਹੱਕ ਮਿਲੇ।